ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਨਵੰਬਰ
ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਬੀਤੇ ਦਿਨ ਚੌਵੀ ਘੰਟੇ ਦੀ ਭੁੱਖ ਹੜਤਾਲ ਰੱਖੀ ਗਈ ਸੀ, ਜਿਸ ਦੀ ਸਮਾਪਤੀ ਮੌਕੇ ਅੱਜ ਮੁਲਾਜ਼ਮਾਂ ਨੇ ਪੰਜਾਬ ਭਰ ’ਚ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ। ਪਟਿਆਲਾ ਵਿਚਲੇ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕੀਤਾ ਕਿ 17 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਅਤੇ 25 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਸ ਦੌਰਾਨ ਹੀ ਵਿਧਾਇਕਾਂ, ਉਪ ਮੁੱਖ ਮੰਤਰੀ ਤੇ ਮੰਤਰੀਆਂ ਦੇ ਹਲਕਿਆਂ ਵਿੱਚ ਝੰਡਾ ਮਾਰਚ ਕਰਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਉਨ੍ਹਾਂ ਦੀ ਯੂਨੀਅਨ ਵੱਲੋਂ 23 ਵਿਚੋਂ 19 ਜ਼ਿਲ੍ਹਿਆਂ ’ਚ ਭੁੱਖ ਹੜਤਾਲ ਰੱਖੀ ਗਈ ਸੀ। ਭੁੱਖ ਹੜਤਾਲ ਦੀ ਸਮਾਪਤੀ ਕਰਦਿਆਂ ਅੱਜ ਇਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਦਰ ਮੁਕਾਮਾ ’ਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਤੋਂ ਇਲਾਵਾ ਸਰਕਾਰ ਖ਼ਿਲਾਫ਼ ਰੋਸ ਮਾਰਚ ਵੀ ਕੀਤਾ ਗਿਆ। ਇਸ ਮੌਕੇ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਦਰਸ਼ਨ ਸਿੰਘ ਘੱਗਾ, ਰਾਜਵੰਤ ਕੌਰ, ਡਾ. ਹਰਮੇਸ਼ ਸਿੰਘ, ਅਮਰਨਾਥ ਨਰੜੂ, ਅਸ਼ੋਕ ਕੁਮਾਰ ਬਿੱਟੂ, ਬਲਬੀਰ ਸਿੰਘ, ਇੰਦਰਪਾਲ ਵਾਲੀਆ, ਉਂਕਾਰ ਸਿੰਘ, ਜਸਪਾਲ ਮਹਿਰਾ, ਹਰਬੰਸ ਸਿੰਘ, ਸੁਭਾਸ਼, ਕਰਮਜੀਤ ਟੀਕਾ, ਪ੍ਰਕਾਸ਼ ਸਿੰਘ ਲੁਬਾਣਾ ਅਤੇ ਸੁਭਾਸ਼ ਆਦਿ ਨੇ ਵੀ ਸ਼ਿਰਕਤ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸਮੁੱਚੇ ਆਊਟ ਸੋਰਸ ਅਤੇ ਪਾਰਟ ਟਾਈਮ ਕਰਮਚਾਰੀਆਂ ਨੂੰ ‘ਰੈਗੂਲਰਾਈਜੇਸ਼ਨ ਐੈਕਟ 2021 ਵਿਚੋਂ ਬਾਹਰ ਕੱਢ ਕੇ ਵੱਡਾ ਧਰੋਹ ਕਮਾਇਆ ਹੈ।