ਪੱਤਰ ਪ੍ਰੇਰਕ
ਸਮਰਾਲਾ, 19 ਮਈ
ਇੱਥੋਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਨੂੰਹ ਵੱਲੋਂ ਘਰਵਾਲੇ ਨੂੰ ਵਿਦੇਸ਼ ਲੈ ਜਾਣ ਦੀ ਆੜ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ। ਸਹੁਰੇ ਪਰਿਵਾਰ ਨੇ ਕਰੀਬ 24 ਲੱਖ ਰੁਪਏ ਖਰਚ ਕਰਕੇ ਆਪਣੀ ਨੂੰਹ ਨੂੰ ਇੰਗਲੈਂਡ ਭੇਜਿਆ ਪਰ ਉਥੇ ਜਾ ਕੇ ਲੜਕੀ ਨੇ ਅੱਖਾਂ ਫੇਰ ਲਈਆਂ।
ਉਨ੍ਹਾਂ ਦੋਸ਼ ਲਾਇਆ ਕਿ ਇਸ ਲੜਕੀ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਦੀ ਬਜਾਏ ਉਲਟਾ ਪਤੀ ਨਾਲ ਸੰਪਰਕ ਹੀ ਤੋੜ ਲਿਆ ਅਤੇ ਸਹੁਰੇ ਪਰਿਵਾਰ ਵੱਲੋਂ ਖਰਚ ਕੀਤੀ ਰਕਮ ਵੀ ਵਾਪਸ ਨਹੀਂ ਭੇਜੀ। ਸਮਰਾਲਾ ਪੁਲੀਸ ਵੱਲੋਂ ਇਸ ਸਬੰਧ ਵਿੱਚ ਦਰਜ ਕੀਤੇ ਮਾਮਲੇ ’ਚ ਲੜਕੀ ਦੇ ਸਹੁਰੇ ਗੁਰਨਾਮ ਸਿੰਘ ਵਾਸੀ ਪਿੰਡ ਅਲੌੜ (ਥਾਣਾ ਖੰਨਾ) ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੇ ਲੜਕੇ ਪ੍ਰਿੰਸ ਕੁਮਾਰ ਦਾ ਸਮਰਾਲਾ ਨਿਵਾਸੀ ਲੜਕੀ ਨੇਹਾ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਨੇਹਾ ਨੂੰ ਇੰਗਲੈਡ ਭੇਜਣ ਲਈ ਕਰਜ਼ ਚੁੱਕ ਕੇ ਕਰੀਬ 24 ਲੱਖ ਰੁਪਇਆ ਖਰਚ ਕੀਤਾ। ਉਸ ਵੇਲੇ ਇਹ ਗੱਲ ਤੈਅ ਹੋਈ ਸੀ ਕਿ ਨੇਹਾ ਇੰਗਲੈਂਡ ਪਹੁੰਚ ਕੇ ਆਪਣੇ ਪਤੀ ਨੂੰ ਵੀ ਉੱਥੇ ਬੁਲਾ ਲਵੇਗੀ। ਨੇਹਾ ਇੰਗਲੈਂਡ ਵਿੱਚ ਤਾਲਾਬੰਦੀ ਦਾ ਬਹਾਨਾ ਲੱਗਾ ਕੇ ਸਹੁਰੇ ਪਰਿਵਾਰ ਤੋਂ ਹੋਰ ਖਰਚਾ ਵੀ ਮੰਗਵਾਉਂਦੀ ਰਹੀ ਪ੍ਰੰਤੂ ਜਦੋਂ ਹੋਰ ਖਰਚਾ ਭੇਜਣਾ ਬੰਦ ਕਰ ਦਿੱਤਾ ਤਾਂ ਨੇਹਾ ਦੇ ਸੁਰ ਬਦਲ ਗਏ ਅਤੇ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਈ ਵਾਰ ਗੱਲ ਕੀਤੀ ਗਈ ਪਰ ਨਾ ਹੀ ਨੇਹਾ ਨੇ ਆਪਣੇ ਪਤੀ ਨੂੰ ਇੰਗਲੈਂਡ ਸੱਦਿਆ ਅਤੇ ਨਾ ਹੀ ਰਕਮ ਹੀ ਵਾਪਸ ਕੀਤੀ। ਪੁਲੀਸ ਨੇ ਪੜਤਾਲ ਮਗਰੋਂ ਨੇਹਾ ਅਤੇ ਉਸ ਦੇ ਮਾਪਿਆਂ ਖਿਲਾਫ਼ ਧੋਖਾਧੜੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।