ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਜਨਵਰੀ
ਵੱਡੀ ਗਿਣਤੀ ਸੰਗਤ ਨੇ ਅੱਜ ਇੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਿਆਣਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਸਿਆਸੀ ਆਗੂ ਵੀ ਦਰਬਾਰ ਸਾਹਿਬ ਨਤਮਸਤਕ ਹੋਏ। ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਅੱਧੀ ਰਾਤ ਲਗਪਗ ਦੋ ਵਜੇ ਦਰਬਾਰ ਸਾਹਿਬ ਮੱਥਾ ਟੇਕਿਆ।
ਬੀਤੀ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਹੀ ਸੰਗਤ ਦੀ ਭਾਰੀ ਆਮਦ ਰਹੀ। ਹੱਡ ਚੀਰਵੀਂ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸਾਰੀ ਰਾਤ ਪਰਿਕਰਮਾ ਵਿਚ ਬਿਤਾਈ ਤੇ ਕੀਰਤਨ ਸੁਣਿਆ। ਸਮੁੱਚੀ ਪਰਿਕਰਮਾ ਸਾਰਾ ਦਿਨ ਸੰਗਤ ਨਾਲ ਭਰੀ ਰਹੀ। ਭਾਰੀ ਆਵਾਜਾਈ ਕਾਰਨ ਸ਼ਹਿਰ ਵਿਚ ਵੀ ਕਈ ਸੜਕਾਂ ’ਤੇ ਜਾਮ ਲੱਗੇ ਰਹੇ।
ਵੱਡੀ ਗਿਣਤੀ ਸੰਗਤ ਨੇ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਿਆ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਨਵੇਂ ਸਾਲ 2022 ਦੀ ਆਮਦ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ। ਕੜਾਕੇ ਦੀ ਠੰਢ ਦੇ ਬਾਵਜੂਦ ਅੱਜ ਸਵੇਰੇ ਤੋਂ ਹੀ ਪਰਿਵਾਰਾਂ ਸਮੇਤ ਸੰਗਤ ਤਖ਼ਤ ਸਾਹਿਬ ਵਿਖੇ ਆਉਣੀ ਸ਼ੁਰੂ ਹੋ ਗਈ ਤੇ ਸਾਰਾ ਦਿਨ ਸੰਗਤ ਦਾ ਇੱਥੋਂ ਦੇ ਗੁਰੂ ਘਰਾਂ ਵਿੱਚ ਤਾਂਤਾ ਲੱਗਿਆ ਰਿਹਾ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇਂ ਸਾਲ ਦੀ ਸ਼ੁਰੂਆਤ ਦੇਸੀ ਮਹੀਨੇ ਚੇਤ ਦੀ ਸੰਗਰਾਂਦ ਨੂੰ ਹੁੰਦੀ ਹੈ ਪਰ ਅੰਗਰੇਜ਼ੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਆਰੰਭਤਾ ਇੱਕ ਜਨਵਰੀ ਨੂੰ ਹੁੰਦੀ ਹੈ, ਇਸ ਕਰਕੇ ਅੱਜ ਵੱਡੀ ਗਿਣਤੀ ਵਿੱਚ ਸੰਗਤ ਨੇ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ।