ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 14 ਸਤੰਬਰ
ਜ਼ਿਲ੍ਹਾ ਪੁਲੀਸ ਨੇ ਅਗਵਾ ਕੀਤੀ ਨਾਬਾਲਗ ਲੜਕੀ ਨੂੰ 24 ਘੰਟਿਆਂ ਦੇ ਅੰਦਰ ਅੰਦਰ ਲੱਭ ਲਿਆ ਤੇ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਗਵਾਕਾਰ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਘਰੇਲੂ ਰੰਜਿਸ਼ ਹੋਣ ਕਾਰਨ ਲੜਕੀ ਨੂੰ ਅਗਵਾ ਕਰਨ ਦੀ ਗੱਲ ਕਬੂਲੀ ਹੈ। ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਅਰਚਨਾ ਸਿੰਘ ਪਤਨੀ ਸੋਬਨਾਥ ਸਿੰਘ ਵਾਸੀ ਦਲੀਪ ਨਗਰ ਮੰਡੀ ਗੋਬਿੰਦਗੜ੍ਹ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ 13 ਵਰ੍ਹਿਆਂ ਦੀ ਲੜਕੀ ਆਨਲਾਈਨ ਮਿਲੇ ਸਕੂਲ ਦੇ ਕੰਮ ਨੂੰ ਕਰਨ ਲਈ ਘਰ ਤੋਂ ਆਪਣੀ ਤਾਈ ਸਤਿਆਵਤੀ ਪਤਨੀ ਹਰੀ ਬਖ਼ਸ਼ ਸਿੰਘ ਦੇ ਘਰ ਸੁਸਾਇਟੀ ਬੈਂਕ ਕੋਲ ਗਈ ਸੀ ਅਤੇ ਵਾਪਸ ਘਰ ਨਹੀਂ ਪਰਤੀ। ਜਾਂਚ ਦੌਰਾਨ ਪੁਲੀਸ ਨੂੰ ਇਹ ਪਤਾ ਲੱਗਿਆ ਕਿ ਲੜਕੀ ਨੂੰ ਮਨੀਤ ਕੁਮਾਰ ਉਰਫ਼ ਮਨੀਸ਼ ਕੁਮਾਰ ਵਾਸੀ ਹਾਲ ਆਬਾਦ ਪਿੰਡ ਤਲਵਾੜਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲੈ ਗਿਆ ਹੈ।ਪੁਲੀਸ ਨੇ ਊਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੜਤਾਲ ਦੌਰਾਨ ਦੱਸਿਆ ਕਿ ਉਹ ਅਤੇ ਲੜਕੀ ਦਾ ਪਰਿਵਾਰ ਕਿਰਾਏ ’ਤੇ ਇਕੱਠੇ ਹੀ ਦਲੀਪ ਨਗਰ ਮੰਡੀ ਗੋਬਿੰਦਗੜ੍ਹ ਵਿਚ ਰਹਿੰਦੇ ਸਨ, ਲੜਕੀ ਦੀ ਮਾਂ ਨੇ ਉਸ ਨਾਲ ਲੜਾਈ ਝਗੜਾ ਕਰਕੇ ਉਸ ਦਾ ਕਮਰਾ ਮਾਲਕ ਮਕਾਨ ਤੋਂ ਖ਼ਾਲੀ ਕਰਵਾ ਦਿੱਤਾ ਸੀ। ਤਫ਼ਤੀਸ਼ੀ ਅਫ਼ਸਰ ਨਰਿੰਦਰ ਕੌਰ ਨੇ ਦੱਸਿਆ ਕਿ ਲੜਕੀ ਨੂੰ ਪੁਲੀਸ ਕਾਰਵਾਈ ਮਗਰੋਂ ਵਾਰਸਾਂ ਹਵਾਲੇ ਕਰ ਦਿੱਤਾ ਹੈ।
6 ਸਾਲਾ ਬੱਚੀ ਮਾਪਿਆਂ ਹਵਾਲੇ ਕੀਤੀ
ਲਾਲੜੂ (ਸਰਬਜੀਤ ਸਿੰਘ ਭੱਟੀ): ਨਾਹਰ ਪੁਲੀਸ ਵਲੋਂ ਚਾਰ ਘੰਟੇ ਦੀ ਮੁਸ਼ੱਕਤ ਉਪਰੰਤ ਘਰ ਤੋਂ ਗੁੰਮ ਹੋਈ 6 ਸਾਲਾ ਬੱਚੀ ਨੂੰ ਲੱਭ ਕੇ ਉਸ ਦੇ ਮਾਪਿਆ ਹਵਾਲੇ ਕੀਤਾ ਗਿਆ। ਚੌਕੀ ਇੰਚਾਰਜ ਹਰਕੇਸ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਊਨ੍ਹਾਂ ਨੂੰ ਨਾਹਰ ਕੰਪਨੀ ਦੇ ਨੇੜੇ ਸੜਕ ’ਤੇ ਛੇ ਸਾਲਾ ਬੱਚੀ ਮਿਲੀ। ਉਸ ਦੇ ਮਾਪਿਆਂ ਬਾਰੇ ਜਾਣਕਾਰੀ ਹਾਸਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ। ਰਾਤ ਕਰੀਬ 10 ਵਜੇ ਪੁਲੀਸ ਬੱਚੀ ਨੂੰ ਲੈ ਕੇ ਲਾਲੜੂ ਪਿੰਡ ਵਿੱਚ ਪੁੱਜੀ ਤਾਂ ਉਸ ਨੇ ਆਪਣੇ ਘਰ ਦਾ ਰਸਤਾ ਪਛਾਣ ਲਿਆ। ਜਿਸ ਦੇ ਚਲਦੇ ਪੁਲੀਸ ਉਸ ਦੇ ਘਰ ਪਹੁੰਚ ਗਈ ਅਤੇ ਬੱਚੀ ਮਾਪਿਆ ਹਵਾਲੇ ਕਰ ਦਿੱਤੀ। ਬੱਚੀ ਦੇ ਪਿਤਾ ਰਾਜੂ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਗੁਆਂਢੀਆਂ ਦੇ ਸਹਾਰੇ ਬੱਚੀ ਨੂੰ ਛੱਡ ਕੇ ਕੰਮ ’ਤੇ ਚਲੇ ਜਾਂਦੇ ਹਨ। ਬੱਚੀ ਘਰ ਤੋਂ ਨਿਕਲ ਕੇ ਮਗਰੇ ਪਿੰਡ ਦੇ ਰਸਤੇ ਨਾਹਰ ਕੰਪਨੀ ਚ ਪਹੁੰਚ ਗਈ।