ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਦਿੱਲੀ ਦੀ ਪੁਲੀਸ ਨੇ ਇੱਥੇ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਛਾਪਾ ਮਾਰ ਕੇ ਜਾਅਲੀ ਕਰੰਸੀ ਬਣਾਉਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਮਕਬੂਲਪੁਰਾ ਪੁਲੀਸ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਿਰਾਏ ਦੇ ਫਲੈਟ ਵਿੱਚ ਸੌ ਰੁਪਏ ਦੇ ਜਾਅਲੀ ਨੋਟ ਤਿਆਰ ਕੀਤੇ ਜਾ ਰਹੇ ਸਨ। ਬੀਤੀ ਸ਼ਾਮ ਦਿੱਲੀ ਪੁਲੀਸ ਨੇ ਇਸ ਇਲਾਕੇ ਵਿੱਚ ਛਾਪਾ ਮਾਰਿਆ ਤੇ 70 ਹਜ਼ਾਰ ਦੇ ਨੋਟਾਂ ਸਣੇ ਵਿਕਰਮਜੀਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਨੇ ਜਾਅਲੀ ਕਰੰਸੀ ਛਾਪਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪੰਜਾਬ ਦੇ ਵਸਨੀਕ ਹਨ। ਇਨ੍ਹਾਂ ਕੋਲੋਂ ਲਗਪਗ ਛੇ ਲੱਖ ਰੁਪਏ ਦੇ ਮੁੱਲ ਦੀ ਜਾਅਲੀ ਕਰੰਸੀ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਹਰਸ਼ ਗਿਰਧਰ, ਕਰਨ ਸਿੰਘ, ਸਤੀਸ਼ ਗਰੋਵਰ, ਬਿਕਰਮਜੀਤ ਸਿੰਘ ਅਤੇ ਹਰਸ਼ਦੀਪ ਠਾਕੁਰ ਵਜੋਂ ਹੋਈ ਹੈ।