ਜਗਮੋਹਨ ਸਿੰਘ
ਰੂਪਨਗਰ, 13 ਮਈ
ਸਥਾਨਕ ਪੁਲੀਸ ਨੇ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੂੰ ਨਾਜਾਇਜ਼ ਅਸਲੇ ਦੀ ਖੇਪ ਸਣੇ ਕਾਬੂ ਕੀਤਾ ਹੈ। ਐੱਸਐੱਸਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਸਰਵੰਤ ਸਿੰਘ ਉਰਫ ਰਿੱਕੀ ਵਾਸੀ ਕੋਟਕਪੂਰਾ ਜਦੀ ਤਲਾਸ਼ੀ ਲਈ ਤਾਂ ਉਸ ਕੋਲੋਂ 4 ਪਿਸਤੌਲ 32 ਬੋਰ, 10 ਕਾਰਤੂਸ, ਇਕ ਦੇਸੀ ਪਿਸਤੌਲ 315 ਬੋਰ, ਦੋ ਕਾਰਤੂਸ, 2 ਦੇਸੀ ਪਿਸਤੌਲ 12 ਬੋਰ ਤੇ ਤਿੰਨ ਕਾਰਤੂਸ ਬਰਾਮਦ ਹੋਏ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਖੇਪ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਗੈਂਗਸਟਰਾਂ ਜਗਦੀਪ ਸਿੰਘ ਉਰਫ਼ ਕਾਕਾ ਤੇ ਸੁਖਦੀਪ ਸਿੰਘ ਉਰਫ਼ ਟੋਨੀ ਦੇ ਕਹਿਣ ’ਤੇ ਲਿਆਂਦੀ ਸੀ, ਜਿਨ੍ਹਾਂ ਕੋਟਕਪੂਰਾ ਸ਼ਹਿਰ ਦੇ ਇੱਕ ਵਪਾਰੀ ਦੀ ਸੁਪਾਰੀ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਰਿੱਕੀ ਖ਼ਿਲਾਫ਼ ਇੱਕ, ਜਗਦੀਪ ਸਿੰਘ ਉਰਫ ਕਾਕਾ ਖ਼ਿਲਾਫ਼ 7 ਤੇ ਸੁਖਦੀਪ ਸਿੰਘ ਉਰਫ ਟੋਨੀ ਖ਼ਿਲਾਫ਼ ਚਾਰ ਕੇਸ ਦਰਜ ਹਨ।
ਜ਼ਿਲ੍ਹਾ ਕੰਪਲੈਕਸ ਦੀ ਕੰਧ ’ਤੇ ਵੀ ਰਾਜੂ ਤੇ ਪੰਮਾ ਨੇ ਲਾਏ ਸਨ ਖਾਲਿਸਤਾਨ ਦੇ ਪੋਸਟਰ
ਰੂਪਨਗਰ/ਚਮਕੌਰ ਸਾਹਿਬ (ਪੱਤਰ ਪੇਰਕ): ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਬੀਤੇ ਦਿਨ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਬੀਰ ਸਿੰਘ ਉਰਫ਼ ਰਾਜੂ ਨੇ ਹੀ ਆਪਣੇ ਸਾਥੀ ਪਰਮਜੀਤ ਸਿੰਘ ਉਰਫ਼ ਪੰਮਾ ਨਾਲ ਰਲ ਕੇ ਰੂਪਨਗਰ ਵਿੱਚ ਐੱਸਐੱਸਪੀ ਤੇ ਡੀਸੀ ਦਫ਼ਤਰ ਸਾਹਮਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਾਹਰੀ ਕੰਧ ’ਤੇ ਖਾਲਿਸਤਾਨ ਦੇ ਪੋਸਟਰ ਲਾਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਲੋੜੀਂਦੇ ਦੂਜੇ ਮੁਲਜ਼ਮ ਪਰਮਜੀਤ ਪੰਮਾ ਨੂੰ ਵੀ ਰੂਪਨਗਰ ਪੁਲੀਸ ਨੇ ਹਰਬੀਰ ’ਤੇ ਪਹਿਲਾਂ ਦੋ ਤੇ ਪਰਮਜੀਤ ’ਤੇ ਕਤਲ ਸਣੇ ਸੱਤ ਕੇਸ ਦਰਜ ਹਨ।