ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 22 ਜੁਲਾਈ
ਪੁਲੀਸ ਨੇ ਬਲੈਕਮੇਲ ਕਰਨ ਦੇ ਦੋਸ ਹੇਠ ਇਕ ਔਰਤ ਨੂੰ ਉਸਦੇ ਸਾਥੀ ਸਣੇ ਗ੍ਰਿਫ਼ਤਾਰ ਕੀਤਾ ਹੈ। ਉਪ ਕਪਤਾਨ ਪੁਲੀਸ ਸੁਖਵਿੰਦਰ ਸਿੰਘ, ਡੀਐੱਸਪੀ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਰਾਹੁਲ ਭਾਰਦਵਾਜ ਜੋ ਮਠਿਆਈ ਦੀ ਦੁਕਾਨ ’ਤੇ ਕੰਮ ਕਰਦਾ ਸੀ ਨੇ ਸਿਕਾਇਤ ਕੀਤੀ ਕਿ ਇਕ ਔਰਤ ਮਠਿਆਈ ਲੈਣ ਆਉਂਦੀ ਸੀ। ਉਸ ਦਾ 3500 ਰੁਪਏ ਉਧਾਰ ਖੜ੍ਹਾ ਸੀ। ਉਸ ਨੇ ਪੈਸੇ ਮੰਗੇ ਤਾਂ ਔਰਤ ਨੇ ਉਸ ਨੂੰ ਘਰ ਆ ਕੇ ਲਿਜਾਣ ਦੀ ਗੱਲ ਆਖੀ। ਘਰ ਪੈਸੇ ਲੈਣ ਗਿਆ ਤਾਂ ਚੁਬਾਰੇ ’ਚ ਬਿਠਾ ਕੇ 3 ਨਾਮਲੂਮ ਵਿਅਕਤੀ ਤੇ 1 ਔਰਤ ਉਥੇ ਆ ਗਏ ਜਿਨ੍ਹਾਂ ਨੇ ਉਸ ਨੂੰ ਕਮਰੇ ’ਚ ਬੰਦ ਕਰ ਲਿਆ। ਇੱਕ ਵਿਅਕਤੀ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਤੇ ਦੋ ਵਿਅਕਤੀਆਂ ਨੇ ਉਸ ਕੋਲੋਂ 35 ਹਜ਼ਾਰ ਰੁਪਏ ਤੇ ਇੱਕ ਮੋਬਾਈਲ ਫੋਨ ਖੋਹ ਲਿਆ ਤੇ ਅਸ਼ਲੀਲ ਵੀਡੀਓ ਬਣਾ ਲਈ ਤੇ ਬਾਅਦ ’ਚ ਇਨ੍ਹਾਂ ਨੇ ਉਸ ਪਾਸੋਂ ਹੋਰ 20 ਹਜ਼ਾਰ ਦੀ ਮੰਗ ਕੀਤੀ ਤੇ ਨਾਂ ਦੇਣ ਦੀ ਸੂਰਤ ’ਚ ਉਸ ਦੀ ਵੀਡਿਓ ਵਾਇਰਲ ਕਰਨ ਦੀ ਧਮਕੀ ਦਿੱਤੀ।
ਪੁਲੀਸ ਨੂੰ ਮੁਦਈ ਨੇ ਦੱਸਿਆ ਕਿ ਉਹ ਆਪਣੇ ਜੀਜੇ ਸੁਨੀਲ ਕੁਮਾਰ ਨਾਲ ਦੁਕਾਨ ’ਤੇ ਬੈਠਾ ਸੀ ਤਾਂ ਇਨ੍ਹਾਂ ਨਾਮਾਲੂਮ ਵਿਅਕਤੀਆਂ ’ਚੋਂ ਇੱਕ ਉਸ ਕੋਲ ਆ ਕੇ 50 ਹਜ਼ਾਰ ਰੁਪਏ ਹੋਰ ਮੰਗਣ ਲੱਗਾ ਤੇ ਨਾਂ ਦੇਣ ਦੀ ਸੂਰਤ ’ਚ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਔਰਤ ਤੇ ਇੱਕ ਵਿਅਕਤੀ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।