ਰਵਿੰਦਰ ਰਵੀ
ਬਰਨਾਲਾ, 12 ਅਪਰੈਲ
ਇਥੋਂ ਦੇ ਤਰਕਸ਼ੀਲ ਭਵਨ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਮੁੰਡੀ ਸਿਧਾਣਾ ਨੂੰ ਦਿੱਲੀ ਪੁਲੀਸ ਵੱਲੋਂ ਚੁੱਕੇ ਜਾਣ ’ਤੇ ਕਿਹਾ ਕਿ ਅਜੇ ਤਕ ਪੁਲੀਸ ਕਿਸੇ ਕਿਸਾਨ ਆਗੂ ਦੇ ਪਰਿਵਾਰਕ ਮੈਂਬਰ ਨੂੰ ਫ਼ੜਨ ਨਹੀਂ ਆਈ ਪਰ ਲੱਖੇ ਸਿਧਾਣਾ ਦੇ ਭਰਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਦਿੱਲੀ ਪੁਲੀਸ, ਪੰਜਾਬ ਸਰਕਾਰ ਅਤੇ ਲੱਖੇ ਸਿਧਾਣੇ ਦੀ ਰਲੀ ਮਿਲੀ ਚਾਲ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਵੇਗਾ।
ਇਸ ਮੌਕੇ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੁੱਦਾ 13 ਅਪਰੈਲ ਨੂੰ ਦੋ ਇਤਿਹਾਸਕ ਦਿਹਾੜੇ ਮਨਾਉਣ ਸਬੰਧੀ ਸੀ। 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ 1919 ਵਿੱਚ ਜੱਲ੍ਹਿਆਂਵਾਲਾ ਬਾਗ ਦੀ ਘਟਨਾ ਵਾਪਰੀ ਸੀ। ਇਹ ਦੋਵੇਂ ਇਤਿਹਾਸਕ ਦਿਨ ਸਾਮਰਾਜੀ ਸਿਸਟਮ ਵਿਰੁੱਧ ਆਮ ਲੋਕਾਂ ਦੀ ਉਠੀ ਆਵਾਜ਼ ਦੇ ਹਾਮੀ ਹਨ।
ਲੱਖਾ ਸਿਧਾਣਾ ਦੇ ਭਰਾ ’ਤੇ ਤਸ਼ੱਦਦ ਢਾਹੁਣ ਦੀ ਨਿਖੇਧੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਤੇ ਕੋ-ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਸਿਧਾਣਾ ’ਤੇ ਦਿੱਲੀ ਪੁਲੀਸ ਵੱਲੋਂ ਢਾਹੇ ਗਏ ਤਸ਼ੱਦਦ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਗਵਾਹੀ ਭਰਦੀਆਂ ਹਨ ਕਿ ਸੂਬਿਆਂ ਕੋਲੋਂ ਉਨ੍ਹਾਂ ਦੇ ਅਧਿਕਾਰ ਖੁੱਸ ਰਹੇ ਹਨ। ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀ ਆਗਿਆ ਬਿਨਾਂ ਬਾਹਰੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣਾ ਸੂਬਿਆਂ ਦੀ ਕਮਜ਼ੋਰ ਸਥਿਤੀ ਦਾ ਸੰਕੇਤ ਹੈ। ਇਸੇ ਤਰ੍ਹਾਂ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।