ਬਠਿੰਡਾ: ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਸੁਭਾਸ਼ ਮਾਰਕੀਟ ਵਿੱਚ ਪਾਣੀ ਵਾਲੀ ਟੈਂਕੀ ਕੋਲ ਆਰਮੀ ਟੈਂਕ ਸਥਾਪਤ ਕੀਤਾ ਜਾਵੇਗਾ। ਬਠਿੰਡਾ ਨਗਰ ਨਿਗਮ ਦੀ ਮੰਗ ’ਤੇ ਫ਼ੌਜ ਵੱਲੋਂ ਇਹ ਆਰਮੀ ਟੈਂਕ ਮਹਾਰਾਸ਼ਟਰ ਦੇ ਪੁਣੇ ਤੋਂ ਬਠਿੰਡਾ ਪੁੱਜ ਗਿਆ ਹੈ। ਸ਼ਹਿਰ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ ਟੈਂਕ ਮੰਗਵਾਉਣ ਬਾਰੇ ਆਰਟੀਆਈ ਰਾਹੀਂ ਖੁਲਾਸਾ ਹੋਇਆ ਸੀ ਕਿ ਫ਼ੌਜ ਨੇ ਬਠਿੰਡਾ ਨਗਰ ਨਿਗਮ ਨੂੰ ਆਰਮੀ ਟੈਂਕ ਮੁਫ਼ਤ ਸੌਂਪਿਆ ਹੈ, ਜਦ ਕਿ ਇਸ ਨੂੰ ਮੰਗਵਾਉਣ ਦਾ ਖ਼ਰਚਾ 3.10 ਲੱਖ ਰੁਪਏ ਨਿਗਮ ਨੂੰ ਦੇਣਾ ਪਿਆ ਹੈ। ਬਠਿੰਡਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚੌਕਾਂ ’ਤੇ ਪੈਸਾ ਖ਼ਰਚ ਕਰਨ ਦੀ ਬਜਾਏ ਨਗਰ ਨਿਗਮ ਹੱਡਾ-ਰੋੜੀ ਦਾ ਪ੍ਰਬੰਧ ਕਰੇ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਏਅਰ ਫੋਰਸ ਵੱਲੋਂ 20 ਕਿਲੋਮੀਟਰ ਦੇ ਖੇਤਰ ਵਿੱਚ ਓਪਨ ਹੱਡਾਰੋੜੀ ਸਥਾਪਤ ਕਰਨ ਦੀ ਮਨਾਹੀ ਹੈ ਅਤੇ ਉਹ ਸਮੱਸਿਆ ਹੱਲ ਕਰਵਾਉਣ ਲਈ ਪਲਾਂਟ ਵਗੈਰਾ ਲਗਵਾਉਣ ਬਾਰੇ ਸੋਚ ਰਹੇ ਹਨ। -ਪੱਤਰ ਪ੍ਰੇਰਕ