ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ‘ਗੁਰੂ ਨਾਨਕ ਦੇਵ ਬਲਾਕ’ ਵਿਚਲੀ ਦੂਸਰੀ ਮੰਜ਼ਲ ਅੱਜ ਫ਼ੌਜ ਨੂੰ ਸੌਂਪ ਦਿੱਤੀ ਗਈ ਹੈ। ਇਥੇ ਹੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੌ ਬਿਸਤਰਿਆਂ ਦਾ ‘ਕੋਵਿਡ ਹਸਪਤਾਲ’ ਸਥਾਪਤ ਕਰਦਿਆਂ ਫ਼ੌਜ ਦੀ ਪੱਛਮੀ ਕਮਾਂਡ ਨੇ ਲੈਵਲ-2 ਮਰੀਜ਼ਾਂ ਦੀ ਸੰਭਾਲ ਅਤੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਰਸਮੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੇ ਫ਼ੌਜ ਦੀ ਅਰਾਵਤ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੋਹਿਤ ਮਲਹੋਤਰਾ ਨੇ ਕੀਤੀ। ਪ੍ਰਨੀਤ ਕੌਰ ਨੇ ਕਿਹਾ ਕਿ ਫ਼ੌਜ ਦੀ ਮਦਦ ਨਾਲ ਇਥੋਂ ਦੇ ਡਾਕਟਰ ਹੁਣ ਆਪਣਾ ਪੂਰਾ ਧਿਆਨ ਕੋਵਿਡ ਦੇ ਲੈਵਲ-3 ਮਰੀਜ਼ਾਂ ਦੀ ਸੰਭਾਲ ਲਈ ਲਗਾ ਸਕਣਗੇ।
ਪੱਛਮੀ ਕਮਾਂਡ ਦੇ ਤਾਲਮੇਲ ਅਧਿਕਾਰੀ ਕਰਨਲ ਜਸਦੀਪ ਸੰਧੂ ਨੇ ਕਿਹਾ ਕਿ ਦੇਸ਼ ਨੂੰ ਕੋਵਿਡ ਮੁਕਤ ਕਰਨ ਲਈ ਫ਼ੌਜ ਹਰ ਪੱਖੋਂ ਯੋਗਦਾਨ ਪਾ ਰਹੀ ਹੈ। ਹਸਪਤਾਲ ਚਲਾਉਣ ਵਾਲੀ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਡਾ. ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਐਂਬੂਲੈਂਸ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਫੌਜ ਦੇ ਡਾਕਟਰ ਅਤੇ ਹੋਰ ਅਮਲੇ ਦੇ ਮੈਂਬਰ ਇੱਥੇ 24 ਘੰਟੇ ਤਨਦੇਹੀ ਨਾਲ ਡਿਊਟੀ ਨਿਭਾਉਣਗੇ। ਬ੍ਰਿਗੇਡੀਅਰ ਅਤੁਲ ਭੱਟ ਨੇ ਦੱਸਿਆ ਕਿ ਭਾਰਤੀ ਫ਼ੌਜ ਸੰਕਟ ਦੀ ਇਸ ਘੜੀ ਵਿੱਚ ਦੇਸ਼ ਵਾਸੀਆਂ ਦੀ ਸੇਵਾ ਲਈ ਵਚਨਬੱਧ ਹੈ। ਇਸ ਮੌਕੇ ਜੈਇੰਦਰ ਕੌਰ, ਡੀਸੀ ਕੁਮਾਰ ਅਮਿਤ, ਐੱਸਐੱਸਪੀ ਡਾ. ਸੰਦੀਪ ਗਰਗ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਕਰਨਲ ਤਰੁਣ ਕੌਸ਼ਿਕ, ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਆਦਿ ਮੌਜੂਦ ਸਨ। ਕਰੋਨਾ ਵਾਰਡ ਦੇ ਬਾਹਰ ਖੁੱਲ੍ਹੇ ਅਸਮਾਨ ਹੇਠ ਬੈਠੇ ਕਰੋਨਾ ਮਰੀਜ਼ਾਂ ਦੇ ਵਾਰਸਾਂ ’ਚ ਇਸ ਗੱਲ ਦੀ ਨਿਰਾਸ਼ਾ ਹੈ ਕਿ ਲੈਵਲ-2 ਮਰੀਜ਼ਾਂ ਦੇ ਇਲਾਜ ਦੀ ਜ਼ਿੰਮੇਵਾਰੀ ਫੌਜ ਦੇ ਹਵਾਲੇ ਕਰਨ ਸਬੰਧੀ ਸਮਾਗਮ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਫਾਈ ਕਰਨ ਦੇ ਬਹਾਨੇ ਪ੍ਰਸ਼ਾਸਨ ਨੇ ਦੂਰ ਕਰ ਦਿੱਤਾ। ਉਹ ਅੱਜ ਇਥੇ ਆਏ ਪ੍ਰਨੀਤ ਕੌਰ ਨੂੰ ਆਪਣੀਆਂ ਮੁਸ਼ਕਲਾਂ ਦੱਸਣੀਆਂ ਚਾਹੁੰਦੇ ਸਨ।
ਪ੍ਰਨੀਤ ਕੌਰ ਨੇ ਨਰਸਿੰਗ ਦਿਵਸ ਦੀ ਵਧਾਈ ਦਿੱਤੀ
ਪ੍ਰਨੀਤ ਕੌਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵਰਗੀਆਂ ਸਹੂਲਤਾਂ ਦਿੱਲੀ ’ਚ ਵੀ ਨਹੀਂ ਮਿਲ ਰਹੀਆਂ। ਇਸ ਕਰਕੇ ਦਿੱਲੀ ਸਮੇਤ ਹੋਰਨਾ ਰਾਜਾਂ ਦੇ ਮਰੀਜ਼ ਇੱਥੇ ਆ ਰਹੇ ਹਨ। ਨਰਸਿੰਗ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਨਰਸਿੰਗ ਅਮਲੇ ਦੀਆਂ ਸੇਵਾਵਾਂ ਨੂੰ ਲਾਮਿਸਾਲ ਦੱਸਿਆ ਅਤੇ ਡਾਕਟਰਾਂ ਦੀ ਵੀ ਸ਼ਲਾਘਾ ਕੀਤੀ।