ਐਨਪੀ ਧਵਨ
ਪਠਾਨਕੋਟ, 4 ਮਾਰਚ
ਮਮੂਨ ਕੈਂਟ ਮਿਲਟਰੀ ਸਟੇਸ਼ਨ ਵਿੱਚ ਰਾਈਜ਼ਿੰਗ ਸਟਾਰ ਕੋਰ ਅਧੀਨ ਪੈਂਦੀ ਗੁਰਜ ਡਿਵੀਜ਼ਨ ਵੱਲੋਂ ਅੱਜ ਸੈਨਾ ਦਿਵਸ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਨਵ ਕੇ. ਖੰਡੂਰੀ ਜਨਰਲ ਅਫ਼ਸਰ ਕਮਾਂਡਿੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੀ ਪਤਨੀ ਵਿਜੇ ਖੰਡੂਰੀ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਸਣੇ ਫੌਜ ਦੇ ਅਧਿਕਾਰੀ ਤੇ ਉਨ੍ਹਾਂ ਦੀਆਂ ਪਤਨੀਆਂ, ਜਵਾਨ, ਐੱਨਸੀਸੀ ਦੇ ਕੈਡੇਟ ਤੇ ਹੋਰ ਸਕੂਲੀ ਬੱਚੇ ਸ਼ਾਮਲ ਹੋਏ।
ਇਸ ਮੌਕੇ 2020 ਦੌਰਾਨ ਗਲਵਾਨ ਘਾਟੀ ਵਿੱਚ ਚੀਨ ਦੀ ਫੌਜ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਣ ਵਾਲੇ 4 ਸੈਨਿਕਾਂ ਤੇ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਹਵਾਲਦਾਰ ਨੂੰ ਮਰਨ ਉਪਰੰਤ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤਿਵਾਦੀਆਂ ਨਾਲ ਮੁਕਾਬਲਾ ਕਰਦਿਆਂ ਬਹਾਦੁਰੀ ਦਿਖਾਉਣ ਵਾਲੇ ਫੌਜੀ ਅਫ਼ਸਰਾਂ ਤੇ ਜਵਾਨਾਂ ਨੂੰ ਸੈਨਾ ਮੈਡਲਾਂ ਨਾਲ ਸਨਮਾਨਿਆ ਗਿਆ। ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਫੌਜੀ ਅਧਿਕਾਰੀਆਂ ਨੂੰ ਵੀ ਇਸ ਮੌਕੇ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਕੁੱਲ 35 ਅਫ਼ਸਰ, 2 ਜੇਸੀਓਜ਼, 6 ਹੋਰ ਰੈਂਕ ਤੇ 5 ਸ਼ਹੀਦਾਂ ਦੇ ਪਰਿਵਾਰ ਸਨਮਾਨਿਤ ਕੀਤੇ ਗਏ। ਇਸ ਮੌਕੇ ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਖੰਡੂਰੀ ਨੇ ਗਾਰਡ ਆਫ ਆਨਰ ਦਾ ਮੁਆਇਨਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ। ਦੇਸ਼ ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਦਾ ਰਹੇਗਾ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਭਾਰਤੀ ਫੌਜ ਦਾ ਹਿੱਸਾ ਰਹਿਣਗੇ ਤੇ ਫੌਜ ਉਨ੍ਹਾਂ ਦੀ ਦੇਖਭਾਲ ’ਚ ਕੋਈ ਕਮੀ ਨਹੀਂ ਆਉਣ ਦੇਵੇਗੀ।