ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਜੂਨ
ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਬੇਹੱਦ ਸਕੂਨ ਮਿਲਿਆ ਹੈ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਮਗਰੋਂ ਕਿਸਾਨ ਆਗੂ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਗਨੀਪਥ ਯੋਜਨਾ ਸਬੰਧੀ ਦੇਸ਼ ਦੀਆਂ ਤਿੰਨੋਂ ਫ਼ੌਜਾਂ ਦੇ ਮੁਖੀਆਂ ਨੂੰ ਸਲਾਹ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਗਨੀਪਥ ਇੱਕ ਰਾਜਨੀਤਿਕ ਫ਼ੈਸਲਾ ਹੈ, ਜਿਸ ਸਬੰਧੀ ਫ਼ੌਜ ਮੁਖੀਆਂ ਨੂੰ ਕੋਈ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਫ਼ੌਜ ਵੱਲੋਂ ਅਜਿਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਤਖ਼ਤਾ ਪਲਟ ਹੋਣ ਦੀਆਂ ਮਿਸਾਲਾਂ ਸਭ ਦੇ ਸਾਹਮਣੇ ਹਨ। ਟਿਕੈਤ ਨੇ ਕੇਂਦਰ ਨੂੰ ਅਗਨੀਪਥ ਸਕੀਮ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਯੋਜਨਾ ਵਿੱਚ ਨੌਜਵਾਨਾਂ ਲਈ ਕੁਝ ਵੀ ਲਾਭਦਾਇਕ ਨਹੀਂ ਹੈ, ਜਿਸ ਕਰਕੇ ਦੇਸ਼ ਭਰ ਦੇ ਨੌਜਵਾਨ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 24 ਜੂਨ ਨੂੰ ਨੌਜਵਾਨਾਂ ਨਾਲ ਮਿਲ ਕੇ ਉਹ ਦੇਸ਼ ਪੱਧਰ ’ਤੇ ਅਗਨੀਪਥ ਸਕੀਮ ਦਾ ਵਿਰੋਧ ਕਰਨਗੇ। ਦੇਸ਼ ਅੰਦਰ ਵਧ ਰਹੇ ਤਣਾਅ ਬਾਰੇ ਟਿਕੈਤ ਨੇ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਦੇਸ਼ ਅੰਦਰ ਤਾਨਾਸ਼ਾਹੀ ਰਾਜ ਹੋਵੇ। ਉਨ੍ਹਾਂ ਕਿਹਾ ਕਿ ਕੋਰੀਆ ਦੀਆਂ ਨੀਤੀਆਂ ਨੂੰ ਭਾਰਤ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਵਿੱਚ ਸੰਵਿਧਾਨ ਹੈ ਤੇ ਇੱਥੇ ਸੰਵਿਧਾਨ ਅਨੁਸਾਰ ਹੀ ਹਰ ਕੰਮ ਹੋਣਾ ਚਾਹੀਦਾ ਹੈ।
ਕਿਸਾਨੀ ਮੁੱਦਿਆਂ ’ਤੇ ਬੋਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਉਹ ਹਿਮਾਚਲ ਦੌਰੇ ’ਤੇ ਜਾ ਰਹੇ ਹਨ। ਇਸ ਦੌਰਾਨ ਉਹ ਉੱਥੋਂ ਦੀ ਸਰਕਾਰ ਅਤੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਕਿਸਾਨੀ ਮੁੱਦਿਆਂ ਪ੍ਰਤੀ ਸੁਹਿਰਦਤਾ ਨਹੀਂ ਦਿਖਾ ਰਹੀਆਂ ਹਨ, ਜਿਸ ਕਰਕੇ ਇਹ ਮੁੱਦੇ ਲਟਕੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜ਼ਮੀਨਾਂ ਦੇ ਭਾਅ ਲਗਾਤਾਰ ਵਧ ਰਹੇ ਹਨ ਪਰ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਨਾ ਮਿਲਣ ਕਰਕੇ ਕਿਸਾਨਾਂ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਇਸ ਮੌਕੇ ਰਾਕੇਸ਼ ਟਿਕੈਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਨਾਲ ਸਨਮਾਨਿਆ ਗਿਆ।