ਫ਼ਰੀਦਕੋਟ (ਜਸਵੰਤ ਜੱਸ): ਸਾਲ 2014 ਵਿੱਚ ਕਥਿਤ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਗੰਨ ਹਾਊਸ ਦੇ ਮਾਲਕ ਸਤੀਸ਼ ਕੁਮਾਰ ਨੂੰ ਡਿਊਟੀ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਨੇ 6 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ 7 ਸਤੰਬਰ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪੰਕਜ ਬਾਂਸਲ ਨੂੰ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਨੇ 21 ਅਗਸਤ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਤਫ਼ਤੀਸ਼ ਅਨੁਸਾਰ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਨੇ ਅੱਧੀ ਦਰਜਨ ਹੋਰ ਵਿਅਕਤੀਆਂ ਨਾਲ ਰਲ਼ ਕੇ ਕਥਿਤ ਵਿਦੇਸ਼ੀ ਹਥਿਆਰਾਂ ਦੀ ਗੈਰਕਾਨੂੰਨੀ ਤਰੀਕੇ ਨਾਲ ਖਰੀਦੋ-ਫਰੋਖਤ ਕੀਤੀ ਅਤੇ ਇਨ੍ਹਾਂ ਗੈਰ-ਕਾਨੂੰਨੀ ਹਥਿਆਰਾਂ ਨੂੰ ਕਾਨੂੰਨੀ ਦੱਸ ਕੇ ਫਰਜ਼ੀ ਬਿੱਲਾਂ ਦੇ ਆਧਾਰ ’ਤੇ ਵਿਦੇਸ਼ੀ ਹਥਿਆਰ ਆਪਣੇ ਨਾਂ ਕਰਵਾ ਲਏ। ਪੁਲੀਸ ਨੇ 2014 ’ਚ ਪਰਚਾ ਦਰਜ ਕਰਨ ਪਿੱਛੋਂ ਪੰਕਜ ਬਾਂਸਲ, ਸਤੀਸ਼ ਕੁਮਾਰ, ਭੁਪਿੰਦਰ ਸਿੰਘ, ਰੋਹਿਤ ਕੁਮਾਰ ਤੇ ਵਿਨੋਦ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਹੁਣ 18 ਅਗਸਤ ਨੂੰ ਕਰਾਈਮ ਯੂਨਿਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਖੁਫ਼ੀਆ ਪੜਤਾਲ ਮੁਤਾਬਕ ਪੰਕਜ ਬਾਂਸਲ ਅਤੇ ਬਾਕੀ ਵਿਅਕਤੀ ਹਥਿਆਰਾਂ ਦੀ ਨਾਜਾਇਜ਼ ਤਸਕਰੀ ’ਚ ਸ਼ਾਮਲ ਸਨ ਤੇ ਪੁਲੀਸ ਨੇ ਗੈਰਕਾਨੂੰਨੀ ਤਰੀਕੇ ਨਾਲ ਇਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ।