ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੁਲਾਈ
ਥਾਣਾ ਡਿਵੀਜ਼ਨ ਨੰਬਰ 3 ਨੇੜਲੀ ਗੁਲਚਮਨ ਗਲੀ ਦੇ ਬਾਹਰ ਬੁੱਧਵਾਰ ਰਾਤ ਨੂੰ ਹਥਿਆਰਬੰਦ ਨੌਜਵਾਨਾਂ ਨੇ ਸੜਕ ’ਤੇ ਖੜ੍ਹੀਆਂ ਕਰੀਬ ਦੋ ਦਰਜਨ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਘਟਨਾ ਕਾਰਨ ਇਲਾਕੇ ਦੇ ਲੋਕ ਸਹਿਮ ਗਏ ਹਨ। ਇਸ ਘਟਨਾ ਮਗਰੋਂ ਅੱਜ ਪੁਲੀਸ ਵੱਲੋਂ ਪੂਰੇ ਇਲਾਕੇ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਚ ਜੁਟੇ ਹੋਏ ਹਨ। ਇਸ ਸਬੰਧੀ ਥਾਣਾ ਡਿਵੀਜ਼ਨ ਨੰ. 3 ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਗੁਲਚਮਨ ਗਲੀ ਦੇ ਲੋਕ ਬਾਹਰ ਸੜਕ ’ਤੇ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਬੁੱਧਵਾਰ ਦੇਰ ਰਾਤ ਕੁਝ ਨੌਜਵਾਨ ਆਏ ਤੇ ਦੋ ਚੱਕਰ ਲਾਉਣ ਮਗਰੋਂ ਊਨ੍ਹਾਂ ਨੇ ਕਰੀਬ ਦੋ ਦਰਜਨ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਗੱਡੀਆਂ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਗੁਲਚਮਨ ਗਲੀ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਦੀ ਲੜਾਈ ਹੋਈ ਹੀ, ਜਿਸ ਮਗਰੋਂ ਇਲਾਕੇ ’ਚ ਅਣਪਛਾਤੇ ਨੌਜਵਾਨ ਚੱਕਰ ਲਾ ਰਹੇ ਸਨ। ਬੀਤੀ ਦੇਰ ਰਾਤ ਵੀ ਦੋ ਦਰਜਨ ਤੋਂ ਵੱਧ ਨੌਜਵਾਨ ਗੁਲਚਮਨ ਗਲੀ ਦੇ ਬਾਹਰ ਲੜਾਈ ਨਾਲ ਸਬੰਧਤ ਨੌਜਵਾਨਾਂ ਨੂੰ ਲੱਭਣ ਆਏ ਸਨ। ਜਦੋਂ ਊਹ ਨਾ ਮਿਲੇ ਤਾਂ ਉਨ੍ਹਾਂ ਨੇ ਗੁੱਸੇ ’ਚ ਆ ਕੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਏਸੀਪੀ ਕੇਂਦਰੀ ਵਰਿਆਮ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਤੇ ਗੱਡੀਆਂ ਭੰਨਣ ਦੇ ਕਾਰਨਾਂ ਦੀ ਵੀ ਹਾਲੇ ਪੁਸ਼ਟੀ ਨਹੀਂ ਹੋਈ। ਊਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਗਈ ਹੈ ਪਰ ਊਸ ਵਿਚ ਨੌਜਵਾਨਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ। ਸ਼ੱਕ ਦੇ ਆਧਾਰ ’ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।