ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਫਰਵਰੀ
ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਅਧੀਨ ਥਾਣਾ ਬੱਧਨੀ ਕਲਾਂ ਖੇਤਰ ਦੇ ਪਿੰਡ ਮੱਲੇਆਣਾ ਵਿਖੇ ਇੰਡਸਇੰਡ ਬੈਂਕ ਸ਼ਾਖਾ ਵਿੱਚੋਂ ਅੱਜ ਦਿਨ ਦਿਹਾੜੇ ਮੋਟਰ ਸਾਈਕਲ ਉੱਤੇ ਆਏ ਤਿੰਨ ਹਥਿਆਰਬੰਦ ਨੌਜਵਾਨਾਂ ਨੇ 3.66 ਲੱਖ ਰੁਪਏ ਲੁੱਟ ਲਏ ਤੇ ਫ਼ਰਾਰ ਹੋ ਗਏ।
ਏਐੱਸਪੀ ਨਿਹਾਲ ਸਿੰਘ ਵਾਲਾ ਸਰਫਰਾਜ਼ ਆਲਮ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਮੋਗਾ ਰਜਿਸਟਰੇਸ਼ਨ ਅਥਾਰਟੀ ਕੋਲ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਦੇ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਲੁਟੇਰੇ ਕਾਬੂ ਆ ਜਾਣਗੇ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਏਐੱਸਪੀ ਨਿਹਾਲ ਸਿੰਘ ਵਾਲਾ ਸਰਫਰਾਜ਼ ਆਲਮ ਮੌਕੇ ਉਤੇ ਪੁੱਜੇ ਉਨ੍ਹਾਂ ਸ਼ਾਖਾ ਪ੍ਰਬੰਧਕ ਅਜੇ ਕੁਮਾਰ ਅਤੇ ਸੁਰੱਖਿਆ ਗਾਰਡ ਗੁਰਮੇਲ ਸਿੰਘ ਤੋਂ ਪੁੱਛ ਪੜਤਾਲ ਕੀਤੀ। ਪ੍ਰਾਪਤ ਵੇਰਵਿਆਂ ਅਨੁਸਾਰ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਉੱਤੇ ਤਿੰਨ ਨੌਜਵਾਨਾਂ ਦੇ ਮਾਸਕ ਲੱਗਾ ਹੋਇਆ ਸੀ। ਉਨ੍ਹਾਂ ਸ਼ਾਖਾ ਅੰਦਰ ਦਾਖਲ ਹੋ ਕੇ ਸੁਰੱਖਿਆ ਗਾਰਡ ਗੁਰਮੇਲ ਸਿੰਘ ਨੂੰ ਧੱਕਾ ਮਾਰ ਕੇ ਸੁੱਟ ਲਿਆ ਤੇ ਉਸ ਦੀ 12 ਬੋਰ ਬਦੂੰਕ ਖੋਹ ਲਈ। ਲੁਟੇਰਿਆਂ ਨੇ ਸ਼ਾਖਾ ਪ੍ਰਬੰਧਕ ਅਜੇ ਕੁਮਾਰ, ਕੈਸ਼ੀਅਰ ਤੇ ਦਰਜਾ ਚਾਰ ਕਾਮੇ ਨੂੰ ਹਥਿਆਰ ਦਿਖਾ ਕੇ ਹੱਥ ਖੜ੍ਹੇ ਕਰਵਾ ਲਏ। ਇਸ ਮਗਰੋਂ ਉਨ੍ਹਾਂ ਡੀਵੀਆਰ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ 3.66 ਲੱਖ ਲੁੱਟ ਦੇ ਫ਼ਰਾਰ ਹੋ ਗਏ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।