ਹਰਜੀਤ ਸਿੰਘ
ਡੇਰਾਬੱਸੀ, 20 ਜੂਨ
ਇਥੇ ਪਿੰਡ ਭਾਂਖਰਪੁਰ ਵਿੱਚ ਬੀਤੀ ਦੇਰ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਇਕ ਆਨਲਾਈਨ ਸ਼ਾਪਿੰਗ ਕੰਪਨੀ ਦੇ ਗੁਦਾਮ ਵਿੱਚ ਡਾਕਾ ਮਾਰ ਕੇ ਉਥੇ ਤਾਇਨਾਤ ਦੋ ਸੁਰੱਖਿਆ ਗਾਰਡਾਂ ਨੂੰ ਜ਼ਖ਼ਮੀ ਕਰ ਛੇ ਲੱਖ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਪਿੰਡ ਭਾਂਖਰਪੁਰ ਆਨਲਾਈਨ ਸ਼ਾਪਿੰਗ ਕੰਪਨੀ ਵੱਲੋਂ ਬਣਾਏ ਗੁਦਾਮ ਵਿੱਚ ਬੀਤੀ ਰਾਤ ਤਕਰੀਬਨ ਇਕ ਵਜੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਿਆ। ਉਨ੍ਹਾਂ ਪਹਿਲਾਂ ਬਾਹਰ ਖੜ੍ਹੇ 45 ਸਾਲਾ ਗਾਰਡ ਸੁਰਜੀਤ ਸਿੰਘ ’ਤੇ ਗੰਡਾਸੀ, ਡੰਡੇ ਅਤੇ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਮਗਰੋਂ ਅੰਦਰ ਦਾਖ਼ਲ ਹੋ ਕੇ ਦੂਜੇ 20 ਸਾਲਾ ਗਾਰਡ ਹਰਸ਼ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨਕਦੀ ਵਾਲੇ ਸੇਫ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ’ਤੇ ਉਹ ਛੇ ਲੱਖ ਰੁਪਏ ਦੀ ਨਕਦੀ ਵਾਲੇ ਸੇਫ ਨੂੰ ਬਾਹਰ ਖੜ੍ਹੇ ਐਕਟਿਵਾ ’ਤੇ ਰੱਖ ਕੇ ਲੈ ਗਏ। ਲੁਟੇਰੇ ਦੋ ਮੋਬਾਈਲ ਫੋਨ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਹਮਲੇ ਵਿੱਚ ਸੁਰਜੀਤ ਦੇ ਗੰਭੀਰ ਸੱਟਾਂ ਵੱਜੀਆਂ ਹਨ।
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰੇ ਇਕ ਵਜੇ ਗੁਦਾਮ ’ਤੇ ਪਹੁੰਚੇ ਤੇ ਉਨ੍ਹਾਂ ਪੂਰੇ ਅੱਠ ਮਿੰਟ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਸਾਰੇ ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਹ ਇਕ ਹੀ ਮੋਟਰਸਾਈਕਲ ’ਤੇ ਆਏ ਸਨ।
ਡੇਰਾਬੱਸੀ ਵਿੱਚ ਲੁੱਟ ਦੀ ਪੰਜਵੀਂ ਵਾਰਦਾਤ
ਡੇਰਾਬੱਸੀ ਸਬ-ਡਿਵੀਜ਼ਨ ਵਿੱਚ ਇਹ ਬੀਤੇ ਕੁਝ ਦਿਨਾਂ ਦੌਰਾਨ ਵਾਪਰੀ ਪੰਜਵੀਂ ਵੱਡੀ ਲੁੱਟ ਦੀ ਵਾਰਦਾਤ ਹੈ। ਇਸ ਤੋਂ ਪਹਿਲਾਂ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚੋਂ ਇਕ ਕਰੋੜ ਰੁਪਏ ਲੁੱਟੇ ਗਏ ਸਨ ਤੇ ਪਿੱਛਾ ਕਰ ਰਹੇ ਇਕ ਫਲ ਵਿਕਰੇਤਾ ਦੇ ਵੀ ਗੋਲੀ ਮਾਰ ਦਿੱਤੀ ਗਈ ਸੀ। ਪਿੰਡ ਤ੍ਰਿਵੇਦੀ ਕੈਂਪ ਵਿੱਚ ਵੀ ਬੀਤੇ ਦਿਨੀਂ ਜੰਗਲਾਤ ਵਿਭਾਗ ਦੇ ਸੇਵਾਮੁਕਤ ਰੇਂਜ ਅਫਸਰ ਦੇ ਘਰ ਵੜ ਕੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਅੱਸੀ ਹਜ਼ਾਰ ਰੁਪਏ ਦੀ ਨਕਦੀ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਸਨ।