ਪੱਤਰ ਪ੍ਰੇਰਕ
ਪੱਟੀ, 4 ਜਨਵਰੀ
ਇੱਥੇ ਅੱਜ ਦਿਨ ਦਿਹਾੜੇ ਪੱਟੀ ਸ਼ਹਿਰ ਦੀ ਅਨਾਜ ਮੰਡੀ ਦੇ ਸਾਹਮਣੇ ਪੈਂਦੇ ਬੈਂਕ ਆਫ਼ ਬੜੌਦਾ ਵਿੱਚੋਂ ਹਥਿਆਰਬੰਦ ਲੁਟੇਰੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਬ੍ਰਾਂਚ ਮੈਨੇਜਰ ਕਮਲਦੀਪ ਮਨਾਇਕ ਨੇ ਦੱਸਿਆ ਕਿ ਕਰੀਬ ਦੁਪਹਿਰੇ 1.55 ਵਜੇ ਪਿਸਤੌਲਾਂ ਸਣੇ ਚਾਰ ਲੁਟੇਰੇ ਬ੍ਰਾਂਚ ਅੰਦਰ ਦਾਖ਼ਲ ਹੋਏ। ਉਨ੍ਹਾਂ ਬੈਂਕ ਦੇ ਗਾਰਡ ਨੂੰ ਹਥਿਆਰ ਦਿਖਾ ਕੇ ਉਸ ਦੀ ਰਾਈਫ਼ਲ ਖੋਹ ਲਈ। ਬਾਅਦ ਵਿੱਚ ਖਜ਼ਾਨਚੀ ਨੂੰ ਪਿਸਤੌਲ ਦਿਖਾ ਕੇ ਕਰੀਬ 10-15 ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਮੈਨੇਜਰ ਨੇ ਦੱਸਿਆ ਕਿ ਲੁਟੇਰੇ ਬੈਂਕ ਗਾਰਡ ਦੀ 12 ਬੋਰ ਦੀ ਰਾਈਫ਼ਲ, ਬੈਂਕ ਦਾ ਨੈੱਟਵਰਕ ਮੌਡਮ, ਡੀਵੀਡੀਆਰ, ਮੁਲਾਜ਼ਮਾਂ ਦੇ ਨਿੱਜੀ ਬੈਗ, ਬ੍ਰਾਂਚ ਦੀਆਂ ਚਾਬੀਆਂ ਵੀ ਲੈ ਗਏ। ਬੈਂਕ ਡਕੈਤੀ ਦੀ ਸੂਚਨਾ ਮਿਲਣ ’ਤੇ ਪੁਲੀਸ ਦੀ ਟੀਮ ਨਾਲ ਮੌਕੇ ’ਤੇ ਪਹੁੰਚੇ ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਦੀ ਪਛਾਣ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਫਾਇਨਾਂਸ ਕੰਪਨੀ ਦੇ ਦਫਤਰ ’ਚੋਂ 4 ਲੱਖ ਰੁਪਏ ਲੁੱਟੇ
ਫਗਵਾੜਾ (ਪੱਤਰ ਪ੍ਰੇਰਕ):ਇੱਥੋਂ ਦੇ ਥਾਣਾ ਸਤਨਾਮਪੁਰਾ ਅਧੀਨ ਆਉਂਦੀ ਧਿਆਨ ਸਿੰਘ ਕਲੋਨੀ ’ਚ ਫਾਇਨਾਂਸ ਕੰਪਨੀ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਲੁਟੇਰੇ ਲੱਖਾਂ ਰੁਪਏ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਤਨਾਮਪੁਰਾ ਦੇ ਐੱਸਐੱਚਓ ਹਰਜੀਤ ਸਿੰਘ ਨੇ ਦੱਸਿਆ ਕਿ ਕਲੋਨੀ ’ਚ ਸੈਟਿੰਗ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਕੰਪਨੀ ਦੇ ਦਫ਼ਤਰ ’ਚ ਸਵੇਰੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਇਸ ਮੌਕੇ ਦਫਤਰ ਮੈਨੇਜਰ ਸੁਖਦੇਵ ਸਿੰਘ, ਉਸ ਦਾ ਕਰਿੰਦਾ ਪਰਵੇਸ਼ ਕੁਮਾਰ, ਇੱਕ ਮਹਿਲਾ ਸੁਨੀਤਾ ਰਾਣੀ ਤੇ ਉਸ ਦੀ ਲੜਕੀ ਮੌਜੂਦ ਸਨ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸੁਨੀਤਾ ਰਾਣੀ ਤੋਂ ਸੇਫ਼ ਦੀਆਂ ਚਾਬੀਆਂ ਲੈ ਲਈਆਂ ਅਤੇ ਸੇਫ ਮੋਟਰਸਾਈਕਲ ’ਤੇ ਲੱਦ ਕੇ ਲੈ ਗਏ। ਸੇਫ ਵਿਚ 4 ਲੱਖ 11 ਹਜ਼ਾਰ ਰੁਪਏ ਦੀ ਨਕਦੀ ਸੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।