ਯਸ਼ ਚੁਟਾਨੀ
ਬਾਘਾਪੁਰਾਣਾ, 5 ਅਪਰੈਲ
ਇਥੋਂ ਦੀ ਅਨਾਜ ਮੰਡੀ ਵਿੱਚ ਅੱਜ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵਿਜੈ ਕਾਲੜਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ‘ਮੰਡੀ ਬਚਾਓ ਮਹਾਸੰਮੇਲਨ’ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆੜ੍ਹਤੀਆ ਵਰਗ ਪਹਿਲਾਂ ਹੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਆਰਥਿਕ ਤੌਰ ’ਤੇ ਤਬਾਹੀ ਦੇ ਕਿਨਾਰੇ ਪੁੱਜ ਚੁੱਕਾ ਹੈ ਅਤੇ ਹੁਣ ਉਸ ਨੂੰ ਸਿੱਧੀ ਅਦਾਇਗੀ ਵਾਲੇ ਫੁਰਮਾਨਾਂ ਕਰਕੇ ਹੋਰ ਵੀ ਆਰਥਿਕ ਮਾਰ ਸਹਿਣੀ ਪਵੇਗੀ। ਇਸ ਨਾਲ ਕਿਸਾਨ ਭਾਈਚਾਰੇ ਨਾਲ 75 ਸਾਲ ਪੁਰਾਣੇ ਰਿਸ਼ਤੇ ਵਿੱਚ ਵੀ ਤਰੇੜਾਂ ਪੈਣਗੀਆਂ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਜਨੀਤਿਕ ਵਿਸ਼ਲੇਸ਼ਕ ਪ੍ਰੋ. ਮਨਜੀਤ ਸਿੰਘ, ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚੜੂਨੀ, ਸਤਨਾਮ ਸਿੰਘ ਅਜਨਾਲਾ ਅਤੇ ਸੇਵਾਮੁਕਤ ਡਿਪਟੀ ਕਮਿਸ਼ਨਰ ਐੱਸ.ਆਰ ਲੱਧੜ ਨੇ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕਜੁਟਤਾ ਨਾਲ ਮੋਦੀ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਲ੍ਹ ਹੋ ਸਕਦੀਆਂ ਹਨ। ਡਾ. ਸਤਨਾਮ ਸਿੰਘ ਨੇ ਕਿਹਾ ਕਿ ਕਿਸਾਨੀ ਅਤੇ ਹੋਰਨਾਂ ਧਿਰਾਂ ਵੱਲੋਂ ਵਿੱਢਿਆ ਮੋਰਚਾ ਲੰਬਾ ਹੋ ਕੇ ਹੋਰ ਜਵਾਨ ਹੋ ਰਿਹਾ ਹੈ, ਜੋ ਸਾਰਥਿਕ ਪੁਲਾਂਘ ਹੈ।
ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਲਈ ਕਾਹਲੀ: ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ, ਉਹ ਬੇਸ਼ੱਕ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਦੇਣ ਪਰ ਦੇਸ਼ ਵਿੱਚ ਅੰਨ ਸੰਕਟ ਪੈਦਾ ਹੋਣ ਤੋਂ ਬਚਾ ਨਹੀਂ ਸਕਣਗੀਆਂ। ਮੋਦੀ ਸਰਕਾਰ ਹੁਣ ਦੇਸ਼ ਵੇਚ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਲਾਭ ਦੇਣ ਲਈ ਕਾਹਲੀ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ 44 ਕਾਨੂੰਨਾਂ ਨੂੰ ਨਿਚੋੜ ਕੇ ਚਾਰ ਕਾਨੂੰਨ ਬਣਾਏ ਗਏ ਹਨ ਅਤੇ ਇਹ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਸੋਚੀ ਸਮਝੀ ਚਾਲ ਹੈ।