ਪੱਤਰ ਪ੍ਰੇਰਕ
ਅਟਾਰੀ, 3 ਜੂਨ
ਅੰਮ੍ਰਿਤਸਰ-ਅਟਾਰੀ ਮਾਰਗ ’ਤੇ ਸਥਿਤ ਪਿੰਡ ਖਾਸਾ ਨੇੜੇ ਅੱਜ ਕਣਕ ਦੇ ਇੱਕ ਗੁਦਾਮ ’ਚ ਆੜ੍ਹਤੀਏ ਨੇ ਕਿਸਾਨ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਕੜਿਆਲ ਦੇ ਵਸਨੀਕ ਦਿਲਬਾਗ ਸਿੰਘ ਆੜ੍ਹਤੀ ਨੇ ਜਦੋਂ ਦੂਲਾ ਸਰਪੰਚ ਪਿੰਡ ਓਠੀਆਂ ਦੀ ਕਣਕ ਦੇ ਸੈਂਪਲ ਰੱਦ ਕਰ ਦਿੱਤੇ ਤਾਂ ਦੋਹਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਦੂਲਾ ਸਰਪੰਚ ਦੇ ਪੱਟ ਵਿੱਚ ਗੋਲੀ ਮਾਰ ਕੇ ਦਿਲਬਾਗ ਸਿੰਘ ਫ਼ਰਾਰ ਹੋ ਗਿਆ। ਜ਼ਖ਼ਮੀ ਦੂਲਾ ਸਰਪੰਚ ਨੂੰ ਤੁਰੰਤ ਲੋਪੋਕੇ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਅਤੇ ਚੌਕੀ ਇੰਚਾਰਜ ਖਾਸਾ ਸੁਖਦੇਵ ਸਿੰਘ ਨੇ ਮੌਕੇ ’ਤੇ ਪੁੱਜ ਕੇ ਵਾਰਦਾਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।