ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਗਸਤ
ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਖੁਦਾਈ ਵੇਲੇ ਮਿਲੇ ਪੁਰਾਤਨ ਇਮਾਰਤੀ ਢਾਂਚੇ ਦੀ ਸੰਭਾਲ ਲਈ ਚੱਲ ਰਹੇ ਸੰਘਰਸ਼ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਨੇ ਆਪਣੀ ਚੁੱਪ ਤੋੜਦਿਆਂ ਆਖਿਆ ਇਸ ਢਾਂਚੇ ਨੂੰ ਜਿਉਂ ਦੀ ਤਿਉਂ ਰੱਖਿਆ ਹੋਇਆ ਹੈ ਅਤੇ ਇਸ ਦੀ ਸੰਭਾਲ ਬਾਰੇ ਫੈਸਲਾ ਜਲਦੀ ਕੀਤਾ ਜਾਵੇਗਾ। ਦੂਜੇ ਪਾਸੇ ਸਿੱਖ ਜਥੇਬੰਦੀ ਸਿੱਖ ਸਦਭਾਵਨਾ ਦਲ ਨੇ ਆਖਿਆ ਕਿ ਭਲਕੇ ਇਸ ਸਬੰਧੀ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ ਕਿਉਂਕਿ ਅੱਜ ਤਕ ਦਿੱਤੇ ਅਲਟੀਮੇਟਮ ਅਨੁਸਾਰ ਪੁਰਾਤਨ ਢਾਂਚੇ ਦੀ ਸੰਭਾਲ ਅਤੇ ਉਸਾਰੀ ਕਾਰਜ ਨੂੰ ਰੋਕਣ ਬਾਰੇ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ। ਅੱਜ ਵੀ ਜਥੇਬੰਦੀ ਵੱਲੋਂ 11 ਮੈਂਬਰੀ ਜਥਾ ਕੈਪਟਨ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਰੋਕਣ ਲਈ ਭੇਜਿਆ ਗਿਆ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਉਪਰੰਤ ਜਥੇ ਦੇ ਮੈਂਬਰਾਂ ਨੇ ਵਿਰਾਸਤੀ ਮਾਰਗ ’ਤੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਇਸ ਮਾਮਲੇ ਵਿਚ ਇਕਪਾਸੜ ਕਾਰਵਾਈ ਕਰ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਬਲਦੇਵ ਸਿੰਘ ਵਡਾਲਾ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਭਲਕੇ 8 ਅਗਸਤ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਵਿਰਾਸਤੀ ਢਾਂਚੇ ਦੀ ਸੰਭਾਲ ਸਬੰਧੀ ਜਾਰੀ ਕੀਤੇ ਬਿਆਨ ’ਤੇ ਵੀ ਅਸੰਤੁਸ਼ਟੀ ਪ੍ਰਗਟਾਈ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਕਿ ਪੁਰਾਤਨ ਢਾਂਚੇ ਨੂੰ ਹੂਬਹੂ ਹਾਲਤ ਵਿਚ ਸੁਰੱਖਿਅਤ ਰੱਖਿਆ ਹੋਇਆ ਹੈ। ਇਸ ਦੀ ਜਾਂਚ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਦਵਾਨਾਂ ਨਾਲ ਰਾਬਤਾ ਬਣਾਇਆ ਗਿਆ ਹੈ। ਇਸ ਪੁਰਾਤਨ ਇਮਾਰਤ ਢਾਂਚੇ ਨੂੰ ਸ਼੍ਰੋਮਣੀ ਕਮੇਟੀ ਨੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਪਹੁੰਚਾਇਆ। ਇਸ ਦੇ ਘੇਰੇ ਨੂੰ ਛੱਡ ਕੇ ਬਾਕੀ ਹਿੱਸੇ ਵਿਚ ਕਾਰਸੇਵਾ ਚੱਲ ਰਹੀ ਹੈ।