ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜੁਲਾਈ
ਸ੍ਰੀ ਅਕਾਲ ਤਖ਼ਤ ਨੇੜੇ ਖੁਦਾਈ ਦੌਰਾਨ ਮਿਲੇ ਪੁਰਾਤਨ ਇਮਾਰਤੀ ਢਾਂਚੇ ਸਬੰਧੀ ਯਾਦਇੰਦਰ ਸਿੰਘ ਗਿਆਨੀ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਇਹ ਇਮਾਰਤ ਉਨ੍ਹਾਂ ਦੇ ਪਰਿਵਾਰ ਦੀ ਹੈ, ਜਿਸ ਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ। ਇਹ ਪਰਿਵਾਰ ਗਿਆਨੀ ਸੰਤ ਸਿੰਘ ਨਾਲ ਸਬੰਧਤ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੁਰਾਤਨ ਇਮਾਰਤੀ ਢਾਂਚੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ।
ਉਨ੍ਹਾਂ ਦੱਸਿਆ ਕਿ ਪੁਰਾਤੱਤਵ ਵਿਭਾਗ ਦੀ ਟੀਮ ਸੋਮਵਾਰ ਨੂੰ ਆ ਕੇ ਜਾਂਚ ਕਰੇਗੀ ਅਤੇ ਉਦੋਂ ਤੱਕ ਇਸ ਇਮਾਰਤੀ ਢਾਂਚੇ ਨੂੰ ਛੇੜਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰਾਸਤੀ ਅਤੇ ਇਤਿਹਾਸਕ ਥਾਵਾਂ ਤੇ ਇਮਾਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਅਜੇ ਤੱਕ ਇਸ ਇਮਾਰਤ ਬਾਰੇ ਕੋਈ ਠੋਸ ਇਤਿਹਾਸਕ ਤੱਥ ਸਾਹਮਣੇ ਨਹੀਂ ਆਏ ਪਰ ਫਿਰ ਵੀ ਮੁੱਢਲੇ ਤੌਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗਲਿਆਰਾ ਯੋਜਨਾ ਸਮੇਂ ਸਰਕਾਰ ਵੱਲੋਂ ਹੇਠਾਂ ਦੱਬ ਦਿੱਤੀ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਮਾਹਿਰਾਂ ਵੱਲੋਂ ਰਿਪੋਰਟ ਮਿਲਣ ਤੱਕ ਸਭ ਨੂੰ ਉਡੀਕ ਕਰਨੀ ਚਾਹੀਦੀ ਹੈ।
‘ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹੈ ਪੁਰਾਤਨ ਇਮਾਰਤ’
ਲਗਪਗ 80 ਵਰ੍ਹਿਆਂ ਦੇ ਯਾਦਇੰਦਰ ਸਿੰਘ ਗਿਆਨੀ ਅਤੇ ਉਨ੍ਹਾਂ ਦੇ ਪੁੱਤਰ ਦੀਪਇੰਦਰ ਸਿੰਘ ਗਿਆਨੀ ਨੇ ਦੱਸਿਆ ਕਿ ਇਹ ਪੁਰਾਤਨ ਥਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹੈ, ਜੋ ਉਨ੍ਹਾਂ ਨੇ ਪਰਿਵਾਰ ਦੇ ਵੱਡੇ-ਵਡੇਰੇ ਗਿਆਨੀ ਸੰਤ ਸਿੰਘ ਨੂੰ ਦਿੱਤੀ ਸੀ। ਉਹ ਇਸੇ ਥਾਂ ਦੇ ਜੰਮਪਲ ਹਨ ਅਤੇ ਇਹ ਇਮਾਰਤ 1988 ਵਿੱਚ ਗਲਿਆਰਾ ਉਸਾਰਨ ਵੇਲੇ ਕੇਂਦਰੀ ਯੋਜਨਾ ਹੇਠ ਆ ਗਈ ਸੀ। ਸਰਕਾਰ ਨੇ ਉਨ੍ਹਾਂ ਨੂੰ ਮੁਆਵਜ਼ਾ ਦੇ ਕੇ ਜਗ੍ਹਾ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਇਸ ਇਮਾਰਤ ਦਾ ਰਕਬਾ ਲਗਪਗ 1200 ਗਜ਼ ਹੈ ਅਤੇ ਇਹ ਮਾਈ ਸੇਵਾ ਵਾਲੇ ਬਾਜ਼ਾਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਥੜਾ ਸਾਹਿਬ ਦੀ ਇਮਾਰਤ ਨਾਲ ਲੱਗਦਾ ਸੀ। ਇਮਾਰਤ ਨਾਨਕਸ਼ਾਹੀ ਇੱਟ ਦੀ ਬਣੀ ਹੋਈ ਸੀ, ਜਿਸ ਦੀਆਂ 3 ਮੰਜ਼ਿਲਾਂ ਧਰਤੀ ਦੇ ਉਪਰ ਅਤੇ ਇਕ ਮੰਜ਼ਿਲ ਜ਼ਮੀਨਦੋਜ਼ ਬਣੀ ਹੋਈ ਸੀ, ਜਿਸ ਵਿੱਚ ਇਕ ਖੂਹ ਵੀ ਸੀ। ਉਨ੍ਹਾਂ ਦੇ ਪਰਿਵਾਰ ਨੇ ਇਥੇ ਲੰਮਾ ਸਮਾਂ ਬਿਤਾਇਆ ਅਤੇ ਸਾਕਾ ਨੀਲਾ ਤਾਰਾ ਫ਼ੌਜੀ ਹਮਲਾ ਵੀ ਉਨ੍ਹਾਂ ਇਸੇ ਇਮਾਰਤ ਵਿੱਚ ਰਹਿੰਦਿਆਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਗਿਆਨੀ ਸੰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਸਨ। ਉਹ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ ਅਤੇ ਸੋਨੇ ਦੀ ਸੇਵਾ ਦਾ ਕਾਰਜ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਮੁਕੰਮਲ ਹੋਇਆ ਸੀ। ਗਿਆਨੀ ਸੰਤ ਸਿੰਘ ਦੀ ਸਮਾਧ ਇਥੇ ਗੁਰਦੁਆਰਾ ਬਾਬਾ ਅਟੱਲ ਰਾਇ ਨੇੜੇ ਬਣੀ ਹੋਈ ਹੈ। ਉਨ੍ਹਾਂ ਦੀ ਸ਼ਹਿਰ ਵਿੱਚ ਹੋਰ ਵੀ ਜਾਇਦਾਦ ਹੈ ਅਤੇ ਕਟੜਾ ਭਾਈ ਸੰਤ ਸਿੰਘ ਵੀ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਪੁਰਾਤਨ ਇਮਾਰਤੀ ਢਾਂਚੇ ਨੂੰ ਸੰਭਾਲਣਾ ਚਾਹੀਦਾ ਹੈ।