ਲੁਧਿਆਣਾ: ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘਪਲੇ ’ਚ ਗ੍ਰਿਫ਼ਤਾਰ ਕੀਤੇ ਆੜ੍ਹਤੀ ਕ੍ਰਿਸ਼ਨ ਲਾਲ ਧੋਤੀ ਵਾਲਾ ਨੂੰ ਰਿਮਾਂਡ ਖ਼ਤਮ ਹੋਣ ਮਗਰੋਂ ਵਿਜੀਲੈਂਸ ਨੇ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ। ਅੱਜ ਅਦਾਲਤ ਨੇ ਆੜ੍ਹਤੀਏ ਨੂੰ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਆੜ੍ਹਤੀਏ ਦਾ ਦੁਬਾਰਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਸ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਭੇਜ ਦਿੱਤਾ ਗਿਆ ਹੈ। ਉਧਰ, ਵਿਜੀਲੈਂਸ ਦੇ ਵੱਲੋਂ ਟੈਂਡਰ ਘਪਲੇ ’ਚ ਦੋ ਦਿਨ ਪਹਿਲਾਂ ਚਾਰ ਮੁਲਜ਼ਮਾਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਾਵੀਰ ਬਾਂਸਲ, ਅਨਿਲ ਜੈਨ ਤੇ ਸਾਬਕਾ ਡੀਐੱਫਐੱਸਸੀ ਸੁਰਿੰਦਰ ਕੁਮਾਰ ਬੇਰੀ ਅਤੇ ਪਨਸਪ ਦੇ ਜੀਐੱਮ ਜਗਨਜੀਤ ਢਿੱਲੋਂ ਦੀ ਭਾਲ ’ਚ ਕਈ ਥਾਈਂ ਛਾਪੇ ਮਾਰੇ ਗਏ। -ਟ੍ਰਿਬਿਊਨ ਨਿਊਜ਼ ਸਰਵਿਸ