ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਵਾਢੀ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਕੀਮ ਤਹਿਤ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਖਾਤਰ ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਤੇ ਕਸਟਮ ਹਾਇਰਿੰਗ ਸੈਂਟਰਾਂ (ਸੀਐਸਸੀ) ਨੂੰ ਹੁਣ ਤੱਕ 31,970 ਖੇਤੀ ਮਸ਼ੀਨਾਂ ਤੇ ਉਪਕਰਨ ਸਬਸਿਡੀ ’ਤੇ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ| ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ, ਪੰਚਾਇਤਾਂ, ਕਿਸਾਨ ਸੁਸਾਇਟੀਆਂ ਤਹਿਤ ਰਜਿਸਟਰਡ ਕਸਟਮ ਹਾਇਰਿੰਗ ਸੈਂਟਰਾਂ ਤੇ ਕਿਸਾਨਾਂ ਪਾਸੋਂ ਪ੍ਰਾਪਤ ਹੋਈਆਂ 10,297 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ| ਖੇਤੀ ਮਸ਼ੀਨਾਂ ਦੀ ਖ਼ਰੀਦ ਲਈ ਵਿਭਾਗ ਵੱਲੋਂ ਪੰਜ ਪੜਾਵਾਂ ’ਚ ਜਾਰੀ ਕੀਤੀਆਂ ਪ੍ਰਵਾਨਗੀਆਂ ਮੁਤਾਬਿਕ ਵਿਅਕਤੀਗਤ ਤੌਰ ’ਤੇ ਕਿਸਾਨਾਂ ਨੂੰ 10,023 ਮਸ਼ੀਨਾਂ, ਕਸਟਮ ਹਾਇਰਿੰਗ ਸੈਂਟਰਾਂ ਲਈ 15,498 ਮਸ਼ੀਨਾਂ, ਪੰਚਾਇਤਾਂ ਲਈ 5,543, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਲਈ 906 ਮਸ਼ੀਨਾਂ ਖ਼ਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ|