ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਪਰੇਡ ਨੂੰ ਮਨਜ਼ੂਰੀ ਦੇਣਾ ਕਿਸਾਨਾਂ ਦੀ ਵਿਸ਼ਾਲ ਤੇ ਜਥੇਬੰਦ ਤਾਕਤ ਦੇ ਦਬਾਅ ਦਾ ਸਿੱਟਾ ਹੈ ਪਰ ਪਰੇਡ ਦਾ ਰੂਟ ਜਥੇਬੰਦੀ ਦੀ ਤਸੱਲੀ ਮੁਤਾਬਕ ਹੀ ਮਨਜ਼ੂਰ ਕੀਤਾ ਜਾਵੇਗਾ ਜਿਸ ਬਾਰੇ 25 ਜਨਵਰੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ। ਕਿਸਾਨਾਂ ਦੀ ਇਹੀ ਤਾਕਤ ਇੱਕ ਦਿਨ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਵੀ ਮਜਬੂਰ ਕਰੇਗੀ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਬਾਰਡਰ ’ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਸ ਵਾਰ 26 ਜਨਵਰੀ ਦਾ ਦਿਹਾੜਾ ਸੱਚਮੁੱਚ ਵਿਲੱਖਣ ਹੋਵੇਗਾ ਜਦੋਂ ਭਾਰਤ ਸਮੇਤ ਦੁਨੀਆ ਦੇ ਲੋਕ ਇੱਕ ਪਾਸੇ ਮੋਦੀ ਸਰਕਾਰ ਵੱਲੋਂ ਭਾਰਤ ਦੀ ਚਮਕ ਦਮਕ ਵਾਲੀ ਤੇ ਸਭ ਤੋਂ ਵੱਡੀ ਜਮਹੂਰੀਅਤ ਵਾਲੀਆਂ ਝੂਠੀਆਂ ਝਲਕੀਆਂ ਦੇਖਣਗੇ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਭਾਰਤ ਦੇ ਖੁਦਕੁਸ਼ੀਆਂ ਕਰਦੇ ਕਿਸਾਨਾਂ-ਮਜ਼ਦੂਰਾਂ ਦੇ ਦਰਦ ਅਤੇ ਔਰਤਾਂ ਤੇ ਦਲਿਤਾਂ ਨਾਲ ਹੁੱਦੇ ਅਣਮਨੁੱਖੀ ਵਰਤਾਰਿਆਂ ਦੀਆਂ ਹਕੀਕੀ ਝਲਕੀਆਂ ਦੇਖਣਗੇ। ਉਨ੍ਹਾਂ ਕਿਹਾ ਕਿ ਇਹ ਕਿਸਾਨ ਪਰੇਡ ਦੋ ਮਹੀਨਿਆਂ ਤੋਂ ਅੱਤ ਦੀ ਸਰਦੀ ’ਚ ਦੇਸ਼ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਰਿਵਾਰਾਂ ਸਮੇਤ ਦਿੱਲੀ ਦੀਆਂ ਹੱਦਾਂ ’ਤੇ ਡਟੇ ਲੱਖਾਂ ਕਿਸਾਨਾਂ-ਮਜ਼ਦੂਰਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਅਮਲ ਰਾਹੀਂ ਮੋਦੀ ਸਰਕਾਰ ਦੇ ਤਾਨਾਸ਼ਾਹ ਰਵੱਈਏ ਨੂੰ ਵੀ ਉਜਾਗਰ ਕਰੇਗੀ। ਅੱਜ ਦੇ ਇਕੱਠ ਵਿੱਚ ਸਾਬਕਾ ਸੈਨਿਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।