ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਸਰਹੱਦੀ ਖੇਤਰ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਦੇ ਪੇਂਡੂ ਵਿਕਾਸ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕੀਤੀ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀਆਂ ਦੋ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਨਾਲ ਧੁੱਸੀ ਬੰਨ੍ਹ ਨਜ਼ਦੀਕ ਤੋਂ ਘੋਨੇਵਾਲਾ ਰਮਦਾਸ ਸੜਕ ਤੋਂ ਗੁਲਗੜ੍ਹ ਸੜਕ ਦੇ ਨਿਰਮਾਣ ਅਤੇ ਸਰਹੱਦੀ ਬਲਾਕ ਅਜਨਾਲਾ ਵਿਚ ਅਜਨਾਲਾ-ਫਤਿਹਗੜ੍ਹ ਚੂੜੀਆਂ-ਰਾਮਦਾਸ ਸੜਕ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਕੇਂਦਰੀ ਰੋਡ ਫੰਡ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਸੜਕਾਂ ਦੇ ਵਿਕਸਿਤ ਨਾ ਹੋਣ ਕਾਰਨ ਇਸ ਇਲਾਕੇ ਦੇ ਕਰੀਬ 100 ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਸੀ। ਇਸ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਨਾਲ ਇਸ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਸ੍ਰੀ ਗਡਕਰੀ ਵੱਲੋਂ ਅਜਨਾਲਾ ਸ਼ਹਿਰ ਅਤੇ ਤਿੰਨ ਪਿੰਡਾਂ ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਵੀ ਵਿਕਸਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਫੰਡ ਹਫ਼ਤੇ ਦੇ ਅੰਦਰ-ਅੰਦਰ ਜਾਰੀ ਕਰਨ ਸਬੰਧੀ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗਡਕਰੀ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਸੂਬੇ ਦੀਆਂ ਹੋਰ ਸੜਕਾਂ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ।
ਪੰਜਾਬ ਭਾਜਪਾ ਵਫ਼ਦ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ
ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਦੀ ਅਗਵਾਈ ਅਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਭਾਜਪਾ ਦੇ ਵਫ਼ਦ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿਕਾਸ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਾਲ ਬਠਿੰਡਾ, ਲੁਧਿਆਣਾ, ਤਰਨ ਤਾਰਨ, ਆਦਮਪੁਰ ਅਤੇ ਬਿਆਸ ਵਿੱਚ ਬਣਨ ਵਾਲੇ ਫਲਾਈਓਵਰਾਂ ਅਤੇ ਨੈਸ਼ਨਲ ਹਾਈਵੇਅ ਸਬੰਧੀ ਚਰਚਾ ਕੀਤੀ ਗਈ ਅਤੇ ਭਾਜਪਾ ਦੇ ਆਗੂਆਂ ਵੱਲੋਂ ਸੁਝਾਅ ਵੀ ਦਿੱਤੇ ਗਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਚੱਲ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ ਜੇ ਉਨ੍ਹਾਂ ਵਿੱਚ ਕੋਈ ਤਬਦੀਲੀ ਕਰਨ ਦੀ ਲੋੜ ਪਈ ਤਾਂ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ।