ਚੰਡੀਗੜ੍ਹ, 17 ਦਸੰਬਰ
ਪੰਜਾਬ ਕੈਬਨਿਟ ਨੇ ਅੱਜ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ 1925 ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕੈਬਨਿਟ ਨੇ ਇਸ ਤੋਂ ਪਹਿਲਾਂ ਸਹਾਇਕ ਪ੍ਰੋਫੈਸਰਾਂ ਦੀਆਂ ਖ਼ਾਲੀ ਪਈਆਂ 1925 ਅਸਾਮੀਆਂ ਨੂੰ ਪੜਾਅਵਾਰ ਢੰਗ ਨਾਲ ਮੁੱਢਲੀ ਤਨਖ਼ਾਹ ਅਤੇ ਗਰੇਡ ਪੇਅ ਦੇ ਆਧਾਰ ’ਤੇ ਤਿੰਨ ਸਾਲਾਂ ਲਈ ਠੇਕੇ ਉੱਤੇ ਭਰਨ ਦੀ ਮਨਜ਼ੂਰੀ ਦਿੱਤੀ ਸੀ। ਬਾਅਦ ਵਿੱਚ, ਇਸ ਮੰਤਵ ਲਈ ਬਣਾਈਆਂ ਗਈਆਂ ਕਮੇਟੀਆਂ ਵੱਲੋਂ ਉਨ੍ਹਾਂ ਦੇ ਕੰਮ ਦੀ ਸਮੀਖਿਆ ਦੇ ਆਧਾਰ ’ਤੇ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਵਿਚਾਰ ਕੀਤਾ ਗਿਆ। ਕੈਬਨਿਟ ਨੇ ਇਸ ਤੋਂ ਇਲਾਵਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਦੋ ਸਰਕਾਰੀ ਕਾਲਜ ਖੋਲ੍ਹਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਾਲਜ ਆਦਮਪੁਰ (ਜਲੰਧਰ) ਵਿੱਚ ਕਾਂਸ਼ੀ ਰਾਮ ਸਰਕਾਰੀ ਕਾਲਜ ਅਤੇ ਬੰਗਾ (ਸ਼ਹੀਦ ਭਗਤ ਸਿੰਘ ਨਗਰ) ਦੇ ਸਰਹਾਲਾ ਰਾਣੂਵਾਨ ਪਿੰਡ ਖੋਲ੍ਹੇ ਜਾਣਗੇ।