ਹਮੀਰ ਸਿੰਘ
ਕਿਰਤੋਵਾਲ ਕਲਾਂ (ਤਰਨ ਤਾਰਨ), 4 ਜੁਲਾਈ
ਪੁਲੀਸ ਵਿਭਾਗ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਤਰਨ ਤਾਰਨ ਜ਼ਿਲ੍ਹੇ ਦੇ ਮੁਹਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਮਾਂ ਖਾੜਕੂਵਾਦ ਦੇ ਸਮੇਂ ਤੋਂ ਵੀ ਭੈੜਾ ਹੈ। ਨਸ਼ਿਆਂ ਦੀ ਭੇਡ ਚਾਲ ’ਚ ਕੌਡੀ ਵਾਲੇ ਮੁੰਡੇ ਵੀ ਟੀਕੇ ਲਗਾ ਕੇ ਖੇਡਦੇ ਹਨ। ਸਿਆਸਤਦਾਨ ਅਤੇ ਪੁਲੀਸ ਮਿਲੀ ਹੋਈ ਹੈ। ਉਨ੍ਹਾਂ ਬਾਕੀਆਂ ਨੂੰ ਅਪੀਲ ਕੀਤੀ ਕਿ ਉਸ ਦਾ ਪੁੱਤ ਤਾਂ ਚਲਾ ਗਿਆ ਹੁਣ ਬਾਕੀ ਦੇ ਬਚਾ ਲਓ।
ਮੁਹਿੰਦਰ ਸਿੰਘ ਨੇ ਦੱਸਿਆ ਕਿ ਉਹ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਹੈ। ਉਨ੍ਹਾਂ ਦਾ ਛੋਟਾ ਬੇਟਾ ਸਪੇਨ ਗਿਆ ਹੈ ਅਤੇ ਪਰਿਵਾਰ ਸਮੇਤ ਉੱਥੇ ਹੀ ਰਹਿੰਦਾ ਹੈ। ਪੰਜਾਬ ਵਿੱਚ ਚੱਲ ਰਹੀ ਨਸ਼ੇ ਦੀ ਹਨੇਰੀ ਉਸ ਦੇ ਵੱਡੇ ਬੇਟੇ ਜਸਵਿੰਦਰ ਨੂੰ ਜਵਾਨੀ ਦੀ ਉਮਰੇ 19 ਮਈ 2018 ਨੂੰ ਲੈ ਗਈ। ਬੇਟੇ ਦੀ ਵਿਧਵਾ ਰਾਜਵਿੰਦਰ ਕੌਰ ਅਤੇ ਦੋ ਬੱਚੇ ਹਨ। ਬੁੱਢੇ ਵਾਰੇ ਹੁਣ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਫਿਰ ਮੋਢਿਆਂ ਉੱਤੇ ਆ ਪਈ ਹੈ। ਜਸਵਿੰਦਰ ਅਤੇ ਰਾਜਵਿੰਦਰ ਦੀ ਬੇਟੀ ਹਰਮਨਪ੍ਰੀਤ ਕੌਰ ਬਾਰ੍ਹਵੀਂ ਵਿੱਚ ਅਤੇ ਬੇਟਾ ਲਵਪ੍ਰੀਤ ਸਿੰਘ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ। ਰਾਜਵਿੰਦਰ ਕੌਰ ਨੇ ਕਿਹਾ ਕਿ ਹੁਣ ਤਾਂ ਜ਼ਿੰਦਗੀ ਬੱਚਿਆਂ ਦੇ ਸਹਾਰੇ ਹੈ। ਇਹ ਵੱਡੇ ਹੋ ਕੇ ਕਿਸੇ ਤਣ ਪੱਤਣ ਲੱਗ ਜਾਣ ਤਾਂ ਬੁਢਾਪਾ ਸੁਖਾਲਾ ਕੱਟ ਜਾਵੇਗਾ।
ਮੁਹਿੰਦਰ ਸਿੰਘ ਨੇ ਦੱਸਿਆ ਕਿ 2016 ਵਿੱਚ ਉਨ੍ਹਾਂ ਦੇ ਘਰ ਪਾਉਣ ਸਮੇਂ ਇੱਕ ਮਿਸਤਰੀ ਲੱਗਾ ਸੀ। ਜਸਵਿੰਦਰ ਉਸ ਨਾਲ ਕੰਮ ਕਰਾਉਂਦਾ ਸੀ ਅਤੇ ਬਾਜ਼ਾਰੋਂ ਵੀ ਕੁੱਝ ਲੈਣਾ ਤਾਂ ਇਕੱਠੇ ਚਲੇ ਜਾਂਦੇ ਸਨ। ਉਨ੍ਹਾਂ ਦਾ ਲੜਕਾ ਉਸ ਕਾਰਨ ਹੀ ਸਮੈਕ ਦੀਆਂ ਪੁੜੀਆਂ ਖਾਣ ਲਗ ਪਿਆ। ਹੌਲੀ ਹੌਲੀ ਸਮਰੱਥਾ ਵਧਦੀ ਗਈ ਅਤੇ ਉਹ ਚਿੱਟੇ ਦੇ ਟੀਕੇ ਲਗਾਉਣ ਤੱਕ ਚਲਾ ਗਿਆ। ਉਸ ਦਾ ਛੋਟਾ ਲੜਕਾ ਬਾਹਰੋਂ ਆਇਆ ਸੀ। ਜਸਵਿੰਦਰ ਆਪਣੇ ਮਾਮੇ ਨਾਲ ਪੱਟੀ ਚਲਾ ਗਿਆ ਜਿਥੋਂ ਫੋਨ ਆਇਆ ਕਿ ਜਸਵਿੰਦਰ ਦੀ ਹਾਲਤ ਖਰਾਬ ਹੈ। ਜਦੋਂ ਜਾ ਕੇ ਦੇਖਿਆ ਤਾਂ ਇੱਕ ਕੋਠੀ ਨਾਲ ਬਣੇ ਬਾਥਰੂਮ ਵਿੱਚ ਡਿੱਗਾ ਪਿਆ ਸੀ। ਉਹ ਨਸ਼ੇ ਦੀ ਓਵਰਡੋਜ਼ ਨਾਲ ਉੱਥੇ ਹੀ ਢੇਰੀ ਹੋ ਗਿਆ। ਉਨ੍ਹਾਂ ਨਸ਼ਾ ਦੇਣ ਵਾਲੇ ਵਿਅਕਤੀ ਬਾਰੇ ਪੁਲੀਸ ਦੇ ਡਿਪਟੀ ਤੇ ਥਾਣਾ ਮੁਖੀ ਨੂੰ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ। ਕੁੱਝ ਸਮੇਂ ਬਾਅਦ ਐਸਡੀਐਮ, ਤਹਿਸੀਲਦਾਰ ਅਤੇ ਡੀਐਸਪੀ ਪਿੰਡ ਆਏ। ਲੋਕਾਂ ਨੇ ਉਨ੍ਹਾਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸਵਾਲ ਕੀਤੇ ਪਰ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਪੱਧਰੀ ਪਿੰਡ ਵਾਲਿਆਂ ਨੇ ਸਮੈਕ ਵੇਚਣ ਵਾਲੇ ਸਮੈਕ ਸਣੇ ਪੁਲੀਸ ਨੂੰ ਫੜਾਏ ਜੋ ਪੈਸੇ ਲੈ ਕੇ ਛੱਡ ਦਿੱਤੇ ਗਏ।
ਮੁਹਿੰਦਰ ਸਿੰਘ ਨੇ ਕਿਹਾ ਕਿ ਸਾਡੇ ਆਪਣੇ ਹੀ ਪਿੰਡ ਵਿੱਚ ਨਸ਼ੇ ਕਾਰਨ 13-14 ਮੌਤਾਂ ਹੋ ਚੁੱਕੀਆਂ ਹਨ। ਜੇਕਰ ਇਹੀ ਹਾਲਤ ਰਹੀ ਤਾਂ ਬੁਢਾਪੇ ਤੱਕ ਬਹੁਤ ਘੱਟ ਲੋਕ ਪਹੁੰਚਣਗੇ। ਉਨ੍ਹਾਂ ਦੇ ਘਰ ਬੈਠੇ ਅਤੇ ਭਾਰਤੀ ਕਿਸਾਨ ਯੂਨੀਅਨ ਵਿੱਚ ਸਰਗਰਮ ਜੱਜ ਸਿੰਘ ਨੇ ਕਿਹਾ ਕਿ ਉਸ ਦਾ ਇੱਕੋ ਬੇਟਾ ਹੈ ਜੋ 9ਵੀਂ ਵਿੱਚ ਪੜ੍ਹਦਾ ਹੈ। ਉਸ ਕੋਲ 12 ਕਿੱਲੇ ਜ਼ਮੀਨ ਹੈ, ਬਾਹਰ ਜਾਣ ਦੀ ਲੋੜ ਨਹੀਂ ਹੈ ਪਰ ਇਸ ਸਭ ਤੋਂ ਡਰਦਾ ਉਹ ਮਹਿਸੂਸ ਕਰਦਾ ਹੈ ਕਿ ਕਦੋਂ ਮੁੰਡਾ ਬਾਰ੍ਹਵੀਂ ਤੱਕ ਪਹੁੰਚੇ ਅਤੇ ਉਸ ਨੂੰ ਬਾਹਰ ਭੇਜ ਦੇਵਾਂ।
ਉਨ੍ਹਾਂ ਦੱਸਿਆ ਕਿ ਸਮਾਜਿਕ ਭਾਈਚਾਰਾ ਵੀ ਟੁੱਟ ਚੁੱਕਾ ਹੈ। ਲੋਕਾਂ ਦੇ ਜਾਗੇ ਬਿਨਾਂ ਕੁੱਝ ਨਹੀਂ ਹੋਣ ਵਾਲਾ। ਸਿਆਸਤਦਾਨ, ਪੁਲੀਸ ਅਤੇ ਤਸਕਰ ਤਾਂ ਮਿਲ ਚੁੱਕੇ ਹਨ। ਪੁੱਤ ਤਾਂ ਲੋਕਾਂ ਦੇ ਮਰ ਰਹੇ ਹਨ ਹੋਰ ਕਿਸੇ ਨੂੰ ਕੋਈ ਦਰਦ ਨਹੀਂ ਹੈ। ਮੁਹਿੰਦਰ ਸਿੰਘ ਕਹਿੰਦਾ ਹੈ ਮੇਰਾ ਤਾਂ ਚਲਾ ਗਿਆ ਕੁੱਝ ਸੋਚੋ, ਆਓ ਹੋਰਾਂ ਦੇ ਬਚਾ ਲਈਏ।