ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਨਵੰਬਰ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਵਿਭਾਗ ਮਿਲ ਕੇ ਲੋਕਾਂ ਦੀ ਹਰ ਸਮੱਸਿਆਂ ਦੇ ਹੱਲ ਲਈ ਵਚਨਬੱਧ ਹੈ ਤੇ ਇਸ ਕੰਮ ’ਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡੀਸੀ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨਾਲ ਸਮੂਹ ਥਾਣਿਆਂ ਤੇ ਚੌਕੀਆਂ ’ਚ ਪੁਲੀਸ ਮੁਲਾਜ਼ਮਾਂ ਨੂੰ ਫਰਿੱਜ, ਵਾਟਰ ਕੂਲਰ, ਮਾਈਕਰੋਵੇਵ, ਰੂਮ ਹੀਟਰ ਤੇ ਹੋਰ ਆਧੁਨਿਕ ਸਾਮਾਨ ਵੰਡਿਆ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਪਟਾਕਪਆਂ ਤੋਂ ਨਿਕਲਿਆ ਧੂੰਆਂ ਸਾਹ, ਦਮਾ ਤੇ ਚਮੜੀ ਰੋਗਾਂ ਦਾ ਕਾਰਨ ਬਣਦਾ ਹੈ। ਇਹ ਧੂੰਆਂ ਤੇ ਪਟਾਕਿਆਂ ਦੀ ਰਹਿੰਦ-ਖੂੰਹਦ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਇਸ ਲਈ ਪਟਾਕਿਆਂ ਰਹਿਤ ਦੀਵਾਲੀ ਮਨਾਈ ਜਾਵੇ।
ਏਪੀਜੇ ਸਕੂਲ ਦੇ ਬੱਚਿਆਂ ਨੇ ਵਰਚੁਅਲ ਦੀਵਾਲੀ ਮਨਾਈ
ਖਰੜ (ਪੱਤਰ ਪ੍ਰੇਰਕ): ਏ.ਪੀ.ਜੇ ਸਮਾਰਟ ਸਕੂਲ ਨੇ ਅੱਜ ਕਈ ਤਰ੍ਹਾਂ ਦੇ ਵਰਚੁਅਲ ਮੁਕਾਬਲੇ ਕਰਵਾ ਕੇ ਸ਼ਾਨਦਾਰ ਦੀਵਾਲੀ ਮਨਾਈ। ਇਹ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਸ਼ਾਨਦਾਰ ਤਜਰਬਾ ਸੀ। ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਮੁਕਾਬਲਿਆਂ ਦੌਰਾਨ ‘ਦੇਵੀ ਲਕਸ਼ਮੀ ਦੇ ਪੈਰਾਂ’ ਨੂੰ ਸਜਾਇਆ, ਆਪਣੇ ਘਰਾਂ ਦੀ ਸਜਾਵਟ ਲਈ ਆਕਰਸ਼ਕ ‘ਲੜੀਆਂ’ ਬਣਾਈਆਂ। ਗ੍ਰੇਡ ਅੱਠਵੀਂ- ਗ੍ਰੇਡ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੋਲੀ ਦੇ ਡਿਜ਼ਾਈਨ ਬਣਾਏ। ਪ੍ਰਿੰਸੀਪਲ ਜਸਵੀਰ ਚੰਦਰ ਨੇ ਵਿਦਿਆਰਥੀਆਂ ਦੀ ਨਿਪੁੰਨਤਾ ਅਤੇ ਮੁਹਾਰਤ ਦੀ ਸ਼ਲਾਘਾ ਕੀਤੀ।