ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜੁਲਾਈ
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਪਬਲੀਕੇਸ਼ਨ ਵਿਭਾਗ ਵਿਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਪਿਛਲੇ ਇਕ ਮਹੀਨੇ ਦੀ ਫੁਟੇਜ ਕਬਜ਼ੇ ਵਿਚ ਲਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਰਿਕਾਰਡ ਨਾਲ ਕੋਈ ਛੇੜਛਾੜ ਤਾਂ ਨਹੀਂ ਕੀਤੀ ਗਈ।
ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇਕ ਪੱਤਰ ਦਿੱਤਾ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਡਾਕ ਰਾਹੀਂ ਵੀ ਪੱਤਰ ਭੇਜਿਆ ਹੈ। ਪੱਤਰ ਵਿਚ ਉਸ ਨੇ ਦੱਸਿਆ ਕਿ ਉਹ 31 ਮਈ, 2020 ਨੂੰ ਸਹਾਇਕ ਸੁਪਰਵਾਈਜ਼ਰ ਵਜੋਂ ਸੇਵਾਮੁਕਤ ਹੋਇਆ ਹੈ। 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ 19 ਮਈ, 2016 ਨੂੰ ਭਵਨ ਵਿਚ ਅੱਗ ਲੱਗਣ ਸਮੇਤ ਸਰੂਪਾਂ ਦੇ ਸਸਕਾਰ ਕੀਤੇ ਜਾਣ ਦਾ ਉਹ ਮੌਕੇ ਦਾ ਗਵਾਹ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਕੇਸ ਨੂੰ ਕਥਿਤ ਤੌਰ ’ਤੇ ਰਫ਼ਾ-ਦਫ਼ਾ ਕਰਨ ਦਾ ਦਬਾਅ ਪਾਇਆ ਗਿਆ ਹੈੈ। ਬੀਤੇ ਦਿਨ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਸੀਲ ਕੀਤੇ ਜਾਣ ਸਬੰਧੀ ਉਨ੍ਹਾਂ ਆਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਨੇ ਪਬਲੀਕੇਸ਼ਨ ਵਿਭਾਗ ਦਾ ਦੌਰਾ ਕੀਤਾ ਹੈ ਅਤੇ ਦਫ਼ਤਰੀ ਰਿਕਾਰਡ ਨਾਲ ਕਥਿਤ ਛੇੜਛਾੜ ਵੀ ਕੀਤੀ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਕੁਝ ਰਿਕਾਰਡ ਖੁਰਦ- ਬੁਰਦ ਕੀਤਾ ਗਿਆ ਹੈ। ਉਸ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਮਿਲ ਕੇ ਸਾਰਾ ਕੁਝ ਦੱਸਣਾ ਚਾਹੁੰਦਾ ਹੈ।