ਬੀਰਬਲ ਰਿਸ਼ੀ
ਸ਼ੇਰਪੁਰ, 16 ਅਗਸਤ
ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਆਜ਼ਾਦੀ ਘੁਲਾਟੀਏ ਬਚਨ ਸਿੰਘ ਘਨੌਰ ਦੇ ਪੋਤਰੇ ਤੰਗੀਆਂ ਤੁਰਸ਼ੀਆਂ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਘਨੌਰ ਕਲਾਂ ਦੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘਨੌਰੀ ਕਲਾਂ ਦੀ ਰੈਲੀ ’ਚ ਨੌਕਰੀ ਤੇ ਹੋਰ ਸਹੂਲਤਾਂ ਦੇਣ ਦਾ ਵਾਅਦਾ ਯਾਦ ਕਰਵਾਇਆ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੇਲ੍ਹਾਂ ਕੱਟਣ ਤੇ ਤਸ਼ੱਦਦ ਝੱਲਣ ਵਾਲਿਆਂ ’ਚ ਸ਼ੁਮਾਰ ਆਜ਼ਾਦੀ ਘੁਲਾਟੀਏ ਪੰਡਤ ਬਚਨ ਸਿੰਘ ਘਨੌਰ ਤੇ ਉਸ ਦੇ ਪਰਿਵਾਰ ਨੂੰ ਭਾਵੇਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੁਕਮਰਾਨਾਂ ਵੱਲੋਂ ਪ੍ਰਸੰਸਾ ਪੱਤਰ ਤੇ ਤਾਮਰ ਪੱਤਰ ਤਾਂ ਦਿੱਤੇ ਪਰ ਸਰਕਾਰ ਵੱਲੋਂ ਅਤਿ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਪਰਿਵਾਰ ਨੂੰ ਸਹਿਯੋਗ ਨਹੀਂ ਦਿੱਤਾ ਗਿਆ। ਦੂਜੇ ਪਾਸੇ ਆਪ ਆਗੂਆਂ ਨੇ ਵੀ ਸੰਘਰਸ਼ ਕਰਨ ਦਾ ਅਲਟੀਮੇਟਮ ਦਿੱਤਾ।
ਪੋਤਰਿਆਂ ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਰਿਆਸਤ ਮਾਲੇਰਕੋਟਲਾ ਨਾਲ ਸਬੰਧਤ ਉਸ ਦੇ ਦਾਦਾ ਬਚਨ ਸਿੰਘ ਘਨੌਰ ਕਲਾਂ ਅਤੇ ਉਸ ਦੇ ਸਾਥੀਆਂ ਵੱਲੋਂ ਕਿਸਾਨਾਂ ’ਤੇ ਜਬਰ ਵਿਰੁੱਧ 17 ਜੁਲਾਈ 1927 ਨੂੰ ਪਿੰਡ ਕੁਠਾਲਾ ਵਿਚ ਇਕੱਠ ਕੀਤਾ ਗਿਆ ਜਿਸ ’ਤੇ ਹੁਕਮਰਾਨਾਂ ਨੇ ਗੋਲੀਆਂ ਚਲਾਈਆਂ ਜਿਸ ਨਾਲ 11 ਵਿਅਕਤੀ ਮਾਰੇ ਗਏ ਜਦੋਂਕਿ ਇੱਕ ਗੋਲੀ ਪੰਡਤ ਜੀ ਦੇ ਵੱਜੀ। ਇਸ ਤੋਂ ਇਲਾਵਾ ਪੰਡਤ ਜੀ ਨੇ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਵੀ ਕੱਟੀਆਂ। ਉਨ੍ਹਾਂ ਦੱਸਿਆ ਕਿ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਉਨ੍ਹਾਂ ਦੇ ਪਿਤਾ, ਮਾਤਾ, ਕਰਮਜੀਤ ਦੀ ਪਤਨੀ ਇਲਾਜ ਖੁਣੋਂ ਮੌਤ ਦੇ ਮੂੰਹ ਜਾ ਪਏ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਘਰ ’ਚੋਂ ਖੁਸ਼ੀਆਂ ਉਡ ਗਈਆਂ। ਇਸ ਵੇਲੇ ਘਰ ਦੇ ਗੇਟ ਟੁੱਟੇ ਪਏ ਹਨ, ਮੀਂਹ ਕਾਰਨ ਛੱਤਾਂ ’ਚੋਂ ਪਾਣੀ ਡਿੱਗਦਾ ਹੈ, ਘਰ ਢਹਿਣ ਕਿਨਾਰੇ ਹੈ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ।
ਦੂਜੇ ਪਾਸੇ ‘ਆਪ’ ਦੇ ਆਗੂ ਡਾ. ਅਨਵਰ ਭਸੌੜ, ਰਾਜਵੰਤ ਘੁੱਲੀ ਅਤੇ ਸੰਦੀਪ ਸਿੰਗਲਾ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਸ੍ਰੀ ਘੁੱਲੀ ਨੇ ਕਿਹਾ ਕਿ ਜੇ ਭਲਕ ਤੱਕ ਮਸਲਾ ਹੱਲ ਨਾ ਹੋਇਆ ਤਾਂ ਪਾਰਟੀ ਦੇ ਵੱਡੇ ਆਗੂ ਵੀ ਨੌਜਵਾਨਾਂ ਦੇ ਹੱਕ ਵਿਚ ਡਟਣਗੇ। ਪਿੰਡ ਵਾਸੀਆਂ ਨੇ ਐਸਡੀਐਮ ਵੱਲੋਂ ਪਿੰਡ ਦੇ ਲੋਕਾਂ ਨੂੰ ਬਿਨ੍ਹਾਂ ਵਜ੍ਹਾ ਤਾੜਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਐਸਡੀਐਮ ਨੇ ਕਿਹਾ ਕਿ ਉਹ ਹਾਲੇ ਬਿਜ਼ੀ ਹਨ ਤੇ ਇਸ ਬਾਰੇ ਬਾਅਦ ਵਿਚ ਗੱਲ ਕਰਨਗੇ।