ਪਾਲ ਸਿੰਘ ਨੌਲੀ
ਜਲੰਧਰ, 6 ਦਸੰਬਰ
ਮਹਿਤਪੁਰ ਬਲਾਕ ’ਚ ਆਉਂਦੇ ਪਿੰਡ ਇਸਮਾਇਲਪੁਰ ਦੇ ਲੋੜਵੰਦ ਬੇਜ਼ਮੀਨੇ ਲੋਕਾਂ ਨੇ ਚੰਨੀ ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੇ ਵਾਅਦੇ ਨੂੰ ਪੂਰਾ ਨਾ ਹੁੰਦਾ ਦੇਖ ਆਪਮੁਹਾਰੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ। ਇਨ੍ਹਾਂ ਲੋੜਵੰਦ ਪਰਿਵਾਰਾਂ ਨੇ ਤਿੰਨ ਏਕੜ ਪੰਚਾਇਤੀ ਜ਼ਮੀਨ ਵਿਚ ਪੰਜ-ਪੰਜ ਮਰਲੇ ਦੇ ਪਲਾਟਾਂ ’ਤੇ ਚੂਨਾ ਪਾ ਕੇ ਨਿਸ਼ਾਨੀਆਂ ਲਾ ਲਈਆਂ। ਇਹ ਪਰਿਵਾਰ ਦੇਰ ਰਾਤ ਤੱਕ ਉਸ ਪੰਚਾਇਤੀ ਜ਼ਮੀਨ ’ਤੇ ਬੈਠੇ ਰਹੇ। ਇਸ ਮੌਕੇ ਸਾਬਕਾ ਪੰਚ ਰਮੇਸ਼ ਕੁਮਾਰ ਮੇਸ਼ੀ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ ਵੀ ਮਜ਼ਦੂਰਾਂ ਨੂੰ ਝੂਠੇ ਲਾਰੇ ਲਾਏ ਗਏ ਸਨ ਤੇ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਮਤਾ ਪਾਇਆ ਗਿਆ ਸੀ ਤੇ ਹੁਣ ਫਿਰ ਚੰਨੀ ਸਰਕਾਰ ਵੇਲੇ ਵੀ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਪੰਚਾਇਤੀ ਮਤਾ ਪਾਇਆ ਗਿਆ ਹੈ।
ਸਾਰੀਆਂ ਰਾਜਸੀ ਪਾਰਟੀਆਂ ਲਾਰੇ ਲੱਪਿਆਂ ਵਿੱਚ ਡੰਗ ਟਪਾ ਰਹੀਆਂ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਚੋਣ ਜ਼ਾਬਤਾ ਲੱਗਣ ਵਿੱਚ ਕੁਝ ਦਿਨ ਰਹਿ ਗਏ ਹਨ ਤਾਂ ਉਨ੍ਹਾਂ ਨੂੰ ਕੋਈ ਆਸ ਨਹੀਂ ਰਹੀ ਕਿ ਸਰਕਾਰ ਲੋਕਾਂ ਨੂੰ ਸਿਰ ਢਕਣ ਲਈ ਪੰਜ-ਪੰਜ ਮਰਲੇ ਦੇ ਪਲਾਟ ਦੇਵੇਗੀ। ਲੋੜਵੰਦ ਲੋਕਾਂ ਨੇ ਦੱਸਿਆ ਕਿ 155 ਜਣਿਆਂ ਨੇ ਪਲਾਟ ਲੈਣ ਲਈ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਪਰ ਪੰਚਾਇਤੀ ਵਿਭਾਗ ਵੱਲੋਂ ਸਿਰਫ 21 ਜਣਿਆਂ ਨੂੰ ਹੀ ਪਲਾਟ ਦੇਣ ਦੀ ਹਰੀ ਝੰਡੀ ਮਿਲੀ ਹੈ। ਪਿੰਡ ਵਿੱਚ ਪੰਚਾਇਤ ਦੀ 14 ਏਕੜ ਦੇ ਕਰੀਬ ਜ਼ਮੀਨ ਹੈ। ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਲੋੜਵੰਦਾਂ ਨੂੰ ਪਲਾਟ ਦੇਣ ਦੇ ਹੱਕ ਵਿਚ ਹਨ। ਪਲਾਟ ਦੇਣ ਦੀਆਂ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਆਈਆਂ ਹੋਈਆਂ ਹਨ ਤੇ ਪੰਚਾਇਤੀ ਜ਼ਮੀਨ ’ਤੇ ਪਲਾਟ ਦੇਣ ਵਾਸਤੇ ਨਿਸ਼ਾਨਦੇਹੀ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸੇ ਦੌਰਾਨ ਪਟਵਾਰੀਆਂ ਦੀ ਹੜਤਾਲ ਹੋ ਗਈ ਜਿਸ ਕਾਰਨ ਸਾਰਾ ਕੰਮ ਰੁਕ ਗਿਆ।
ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨਾ ਗਲਤ: ਪੰਚਾਇਤ ਅਫਸਰ
ਮਹਿਤਪੁਰ ਤੋਂ ਬਲਾਕ ਤੇ ਪੰਚਾਇਤ ਅਫਸਰ ਜ਼ੀਨਤ ਖਹਿਰਾ ਨੇ ਦੱਸਿਆ ਕਿ ਪਲਾਟ ਦੇਣ ਬਾਰੇ ਬਕਾਇਦਾ ਕਮੇਟੀ ਬਣੀ ਹੋਈ ਹੈ ਤੇ ਸਾਰੀ ਜਾਂਚ ਪੜਤਾਲ ਹੋਣ ਤੋਂ ਬਾਅਦ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਜਿਹੜੇ ਲੋਕ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਕੇ ਬੈਠ ਗਏ ਹਨ ਇਹ ਬਿਲਕੁਲ ਗਲਤ ਹੈ। ਇਸ ਬਾਰੇ ਉਨ੍ਹਾਂ ਨੇ ਐੱਸਡੀਐੱਮ ਨੂੰ ਰਿਪੋਰਟ ਕਰ ਦਿੱਤੀ ਹੈ।