ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚੋਣ ਲਈ ਐਲਾਨੇ ਗਏ ਪਾਰਟੀ ਉਮੀਦਵਾਰਾਂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਅਰਦਾਸ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੰਘਣੀ ਧੁੰਦ ਕਰ ਕੇ ਸਵੇਰੇ 9 ਵਜੇ ਦੀ ਥਾਂ ਲਗਪਗ 1 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਨੇ ਪਰਿਕਰਮਾ ਕੀਤੀ ਅਤੇ ਦਰਸ਼ਨੀ ਡਿਉਢੀ ਤੋਂ ਵਿਸ਼ੇਸ਼ ਰਸਤੇ ਰਾਹੀਂ ਮੱਥਾ ਟੇਕਣ ਲਈ ਪੁੱਜੇ। ਨਤਮਸਤਕ ਹੋਣ ਸਮੇਂ ਉਨ੍ਹਾਂ ਰੁਮਾਲਾ ਅਤੇ ਕੜਾਹ ਪ੍ਰਸਾਦਿ ਦੀ ਦੇਗ ਭੇਟ ਕੀਤੀ। ਉਨ੍ਹਾਂ ਨੂੰ ਸੱਚਖੰਡ ਵਿਖੇ ਫੁੱਲਾਂ ਦਾ ਹਾਰ ਭੇਟ ਕੀਤਾ ਗਿਆ। ਕੁਝ ਸਮਾਂ ਉਨ੍ਹਾਂ ਗੁਰਬਾਣੀ ਦਾ ਕੀਰਤਨ ਵੀ ਸੁਣਿਆ। ਉਨ੍ਹਾਂ ਸ੍ਰੀ ਅਕਾਲ ਤਖਤ ਉਪਰ ਜਾ ਕੇ ਨਤਮਸਤਕ ਹੋਣ ਦੀ ਥਾਂ ਹੇਠਾਂ ਤੋਂ ਹੀ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ, ਜਿਥੇ ਉਨ੍ਹਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਦੋਵੇਂ ਉਪ ਮੁੱਖ ਮੰਤਰੀ ਤੇ ਹੋਰ ਆਗੂ ਹਾਜ਼ਰ ਸਨ। ਪਰਿਕਰਮਾ ਦੌਰਾਨ ਉਨ੍ਹਾਂ ਕਈ ਸ਼ਰਧਾਲੂਆਂ ਨੂੰ ਵੀ ਹੱਥ ਜੋੜ ਕੇ ਫਤਹਿ ਬੁਲਾਈ। ਉਹ ਲਗਪਗ ਪੌਣੇ ਦੋ ਘੰਟੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਰਹੇ। ਵਾਪਸੀ ਵੇਲੇ ਸਮਾਂ ਉਨ੍ਹਾਂ ਗੁਰਬਾਣੀ ਦਾ ਕੀਰਤਨ ਵੀ ਸੁਣਿਆ। ਉਨ੍ਹਾਂ ਸ੍ਰੀ ਅਕਾਲ ਤਖਤ ਵਿਖੇ ਉਪਰ ਜਾ ਕੇ ਨਤਮਸਤਕ ਹੋਣ ਦੀ ਥਾਂ ਹੇਠਾਂ ਤੋਂ ਹੀ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ, ਜਿਥੇ ਉਨ੍ਹਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਦੋਵੇਂ ਉਪ ਮੁੱਖ ਮੰਤਰੀ ਤੇ ਹੋਰ ਆਗੂ ਹਾਜ਼ਰ ਸਨ। ਪਰਿਕਰਮਾ ਦੌਰਾਨ ਉਨ੍ਹਾਂ ਕਈ ਸ਼ਰਧਾਲੂਆਂ ਨੂੰ ਵੀ ਹੱਥ ਜੋੜ ਕੇ ਫਤਹਿ ਬੁਲਾਈ। ਉਹ ਲਗਪਗ ਪੌਣੇ ਦੋ ਘੰਟੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਰਹੇ। ਵਾਪਸੀ ਵੇਲੇ ਜ਼ਿਲ੍ਹਾ ਦਿਹਾਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਸ੍ਰੀ ਰਾਹੁਲ ਗਾਂਧੀ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਟ ਕੀਤੀ। ਰਾਹੁਲ ਗਾਂਧੀ ਦੀ ਫੇਰੀ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਸ੍ਰੀ ਗਾਂਧੀ ਦੇ ਸੁਰੱਖਿਆ ਦਸਤੇ ਦੇ ਕਰਮਚਾਰੀ ਪੂਰੀ ਪਰਿਕਰਮਾ ਵਿਚ ਚੌਕਸੀ ਰੱਖ ਰਹੇ ਸਨ। ਪੰਜਾਬ ਪੁਲੀਸ ਦੇ ਕਰਮਚਾਰੀ ਪ੍ਰਕਰਮਾ ਦੇ ਵਰਾਂਡਿਆਂ ਦੇ ਉਪਰ ਬਣੀਆਂ ਰਿਹਾਇਸ਼ੀ ਥਾਵਾਂ ’ਤੇ ਵੀ ਤਾਇਨਾਤ ਸਨ। ਇਸ ਦੌਰਾਨ ਕੁਝ ਪੁਲੀਸ ਕਰਮਚਾਰੀ ਬੂਟਾਂ ਸਮੇਤ ਚਰਨ ਗੰਗਾ ਤੋਂ ਅਗਾਂਹ ਅਤੇ ਡਿਉਢੀ ਵਿਚ ਚਲੇ ਗਏ, ਜਿਸ ਦਾ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਸਖ਼ਤ ਵਿਰੋਧ ਕੀਤਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਹਵਾਈ ਅੱਡੇ ਉੱਤੇ ਮੁੱਖ ਮੰਤਰੀ ਤੇ ਹੋਰ ਕਾਂਗਰਸੀ ਆਗੂਆਂ ਨੇ ਜੀ ਆਇਆਂ ਕਿਹਾ। ਬਾਅਦ ਵਿਚ ਉਹ ਕਾਂਗਰਸੀ ਉਮੀਦਵਾਰਾਂ ਦੇ ਕਾਫਲੇ ਨਾਲ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਕਾਂਗਰਸੀ ਉਮੀਦਵਾਰ ਦੋ ਬੱਸਾਂ ਵਿਚ ਸਵਾਰ ਸਨ। ਮਿਲੇ ਵੇਰਵਿਆਂ ਮੁਤਾਬਕ ਹੁਣ ਤਕ ਐਲਾਨੇ ਗਏ ਉਮੀਦਵਾਰਾਂ ਵਿਚੋਂ ਲਗਪਗ 50 ਫੀਸਦ ਉਮੀਦਵਾਰ ਹੀ ਅੱਜ ਨਤਮਸਤਕ ਹੋਣ ਲਈ ਪੁੱਜੇ ਸਨ। ਜਦੋਂਕਿ ਸਾਰੇ ਉਮੀਦਵਾਰਾਂ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਪੰਜਾਬ ਕਾਂਗਰਸ ਵਲੋਂ ਇਸ ਮੌਕੇ ਸ਼ਾਮਲ ਹੋਣ ਲਈ ਆਖਿਆ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਤੇ ਹੋਰ ਕਈ ਅਹਿਮ ਕਾਂਗਰਸੀ ਆਗੂ ਗੈਰਹਾਜ਼ਰ ਸਨ। ਕਾਂਗਰਸ ਦੇ ਅੱਠ ਸੰਸਦ ਮੈਂਬਰਾਂ ਵਿਚੋਂ ਗੁਰਜੀਤ ਸਿੰਘ ਔਜਲਾ ਨੂੰ ਛੱਡ ਬਾਕੀ ਗੈਰਹਾਜ਼ਰ ਰਹੇ। ਗੈਰਹਾਜ਼ਰ ਆਗੂਆਂ ਬਾਰੇ ਕਾਂਗਰਸੀ ਆਗੂਆਂ ਵਿਚ ਚਰਚਾ ਵੀ ਚੱਲ ਰਹੀ ਸੀ, ਜਿਸ ਨੂੰ ਕਾਂਗਰਸ ਦੀ ਅੰਦਰੂਨੀ ਖਿਚੋਤਾਣ ਦਾ ਸਿੱਟਾ ਦੱਸਿਆ ਗਿਆ। ਰਾਹੁਲ ਗਾਂਧੀ ਮਗਰੋਂ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਗਏ। ਉਨ੍ਹਾਂ ਉਥੇ ਯਾਤਰੂ ਰਜਿਸਟਰ ਵਿਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਲਿਖਿਆ ‘ਜਲ੍ਹਿਆਂਵਾਲਾ ਬਾਗ਼ ਵਿਚ ਆਉਣਾ ਹਮੇਸ਼ਾ ਹੀ ਪ੍ਰੇਰਣਾਦਾਇਕ ਹੈ ਕਿਉਂਕਿ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਇਕ ਮਹਾਨ ਯਾਦਗਾਰ ਹੈ।’ ਉਹ ਦੁਰਗਿਆਣਾ ਮੰਦਿਰ ਅਤੇ ਇਤਿਹਾਸਕ ਰਾਮ ਤੀਰਥ ਮੰਦਿਰ ਵਿਖੇ ਵੀ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਐੱਨਐੱਸਯੂਆਈ ਕਾਰਕੁਨਾਂ ਨੇ ਰਾਹੁਲ ’ਤੇ ਫੁੱਲਾਂ ਦੀ ਵਰਖਾ ਕੀਤੀ
ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਵਿਚ ਪੁੱਜੇ ਤਾਂ ਐੱਨਐੱਸਯੂਆਈ ਦੇ ਕਾਰਕੁਨਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਢੋਲ ਵਜਾਏ। ਕਾਰਕੁਨ ਸ੍ਰੀ ਗਾਂਧੀ ਅੱਗੇ ਜਥੇਬੰਦੀ ਦੇ ਵੱਡੇ ਝੰਡੇ ਲੈ ਕੇ ਚੱਲ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਕਾਂਗਰਸੀ ਆਗੂ ਦੀ ਆਮਦ ’ਤੇ ਢੋਲ ਵਜਾਉਣ ਅਤੇ ਫੁੱਲਾਂ ਦੀ ਵਰਖਾ ਕੀਤੇ ਜਾਣ ਨੂੰ ਮਰਿਆਦਾ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ, ਜਿਸ ਦਾ ਕੁਝ ਕਾਂਗਰਸੀਆਂ ਵਲੋਂ ਵੀ ਵਿਰੋਧ ਕੀਤਾ ਗਿਆ ਹੈ।