ਪੱਤਰ ਪ੍ਰੇਰਕ
ਭੀਖੀ, 2 ਮਾਰਚ
ਸਥਾਨਕ ਕਸਬੇ ਦੀ ਅੰਸ਼ਿਕਾ ਸ਼ਰਮਾ ਪੁੱਤਰੀ ਬਲਵਿੰਦਰ ਸ਼ਰਮਾ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਸੀ। ਯੂਕਰੇਨ ਅਤੇ ਰੂਸ ਦੀ ਜੰਗ ਲੱਗਣ ਕਾਰਨ ਉਹ ਆਪਣੇ ਸਾਥੀ ਵਿਦਿਆਰਥੀਆਂ ਸਣੇ ਉੱਥੇ ਫਸ ਗਈ ਹੈ। ਅੰਸ਼ਿਕਾ ਦੇ ਪਿਤਾ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਧੀ ਦਾ ਫੋਨ ਵੀ ਬੰਦ ਆ ਰਿਹਾ ਹੈ। ਅੰਸ਼ਿਕਾ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਧੀ ਤੇ ਹੋਰ ਵਿਦਿਆਰਥੀਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ। ਲਬਿਰੇਸ਼ਨ ਆਗੂ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਜੇ ਭਾਰਤ ਵਿੱਚ ਹੀ ਚੰਗੀ ਪੜ੍ਹਾਈ ਤੇ ਰੁਜ਼ਗਾਰ ਦਿੱਤਾ ਜਾਵੇ ਤਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਖੱਜਲ ਨਾ ਹੋਣਾ ਪਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ’ਚ ਫਸੇ ਵਿਦਿਆਰਥੀਆਂ ਨੂੰ ਜਲਦ ਲਿਆਂਦਾ ਜਾਵੇ।