ਪੱਤਰ ਪ੍ਰੇਰਕ
ਮਾਨਸਾ, 6 ਜੁਲਾਈ
ਪਿੰਡ ਬਣਾਂਵਾਲਾ ਸਥਿਤ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਹੋਰ ਯੂਨਿਟ ਨੇ ਅੱਜ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ ਇੱਕ ਯੂਨਿਟ ਨੇ ਕੱਲ੍ਹ ਬਿਜਲੀ ਉਤਪਾਦਨ ਆਰੰਭ ਦਿੱਤਾ ਸੀ। ਦੂਜੇ ਪਾਸੇ ਪ੍ਰਬੰਧਕ ਬੰਦ ਪਏ ਥਰਮਲ ਪਲਾਂਟ ਦੇ ਤੀਜੇ ਯੂਨਿਟ ਵੱਲੋਂ ਭਲਕ ਤੋਂ ਬਿਜਲੀ ਉਤਪਾਦਨ ਸ਼ੁਰੂ ਕਰਨ ਦਾ ਦਾਅਵਾ ਕਰ ਰਹੇ ਹਨ। ਪ੍ਰਬੰਧਕੀ ਟੀਮ ਦਾ ਕਹਿਣਾ ਹੈ ਕਿ ਤੀਜੇ ਯੂਨਿਟ ਨੂੰ ਭਲਕੇ ਲਾਈਟ ਅੱਪ ਕੀਤਾ ਜਾਵੇਗਾ, ਜੋ ਦੁਪਹਿਰ ਮਗਰੋਂ ਬਿਜਲੀ ਪੈਦਾਵਾਰ ਆਰੰਭ ਦੇਵੇਗਾ। 1980 ਮੈਗਾਵਾਟਯੂ ਦੀ ਸਮਰੱਥਾ ਵਾਲੇ ਇਸ ਤਾਪਘਰ ਦੇ ਨਿਟ ਨੰਬਰ 2 ਵੱਲੋਂ ਅੱਜ 310 ਮੈਗਾਵਾਟ ਤੇ ਯੂਨਿਟ ਨੰਬਰ 3 ਵੱਲੋਂ 311 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਤਾਪਘਰ ਦੀ ਟੀਮ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਵੱਧ ਦਾ ਉਨ੍ਹਾਂ ਕੋਲ ਪੂਰੀ ਸਪਲਾਈ ਲਈ ਕੋਇਲਾ ਪਿਆ ਹੈ ਅਤੇ ਹਰ-ਰੋਜ਼ ਸਪਲਾਈ ਅਨੁਸਾਰ ਕੋਇਲਾ ਆ ਰਿਹਾ ਹੈ।