ਨਵੀਂ ਦਿੱਲੀ (ਪੱਤਰ ਪ੍ਰੇਰਕ): ਗਣਤਤੰਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲੀਸ ਵੱਲੋਂ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ ਤੇ ਲੋਹੇ ਦੀਆਂ ਗਰਿੱਲਾਂ ਨਾਲ ਜ਼ਖ਼ਮੀ ਹੋਏ ਨਿਹੰਗ ਸਿੰਘਾਂ ਦੇ ਇਕ ਹੋਰ ਘੋੜੇ ਨੇ ਅੱਜ ਸਿੰਘੂ ਬਾਰਡਰ ’ਤੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਦੋ ਘੋੜੇ 26 ਜਨਵਰੀ ਤੋਂ ਮਗਰੋਂ ਸਾਹ ਛੱਡ ਚੁੱਕੇ ਹਨ। ਨਿਹੰਗ ਜਥੇਬੰਦੀ ਬਾਬਾ ਮਾਨ ਸਿੰਘ ਦੇ ਨਿਹੰਗਾਂ ਨੇ ਦੱਸਿਆ ਕਿ ਸਾਢੇ 5 ਸਾਲਾਂ ਦੇ ਛਿੰਦਾ ਨਾਂ ਦੇ ਇਸ ਘੋੜੇ ਦੀ ਗਰਦਨ ਉਪਰ ਅੱਥਰੂ ਗੈਸ ਦਾ ਗੋਲਾ ਮੁਕਰਬਾ ਚੌਕ ਉਪਰ ਦਿੱਲੀ ਪੁਲੀਸ ਤੇ ਕਿਸਾਨਾਂ ਦਰਮਿਆਨ ਹੋਈ ਟੱਕਰ ਦੌਰਾਨ ਲੱਗਾ ਸੀ। ਫਿਰ ਉਸ ਦੇ ਗਰਿੱਲਾਂ ਵੀ ਲੱਗ ਗਈਆਂ ਤੇ ਜ਼ਖ਼ਮ ਹੋ ਗਏ। ਅੱਜ ਘੋੜੇ ਨੇ ਆਖ਼ਰੀ ਸਾਹ ਲਏ। ਉਸ ਨੂੰ ਨਰੇਲਾ ਵਿਖੇ ਹੀ ਦੱਬ ਦਿੱਤਾ ਗਿਆ, ਜਿੱਥੇ ਪਹਿਲਾਂ ਸ਼ਹੀਦ ਹੋਏ ਦੋਨੋਂ ਘੋੜੇ ਦੱਬੇ ਸਨ। ਨਿਹੰਗ ਸਿੰਘਾਂ ਨੇ ਆਪਣੇ ਇਸ ਸਾਥੀ ਦੀ ਮੌਤ ਉਪਰ ਦੁੱਖ ਜ਼ਾਹਿਰ ਕਰਦਿਆਂ ਧੂਫ-ਬੱਤੀ ਕੀਤੀ ਤੇ ਘੋੜੇ ਦੀ ਲਾਸ਼ ਉਪਰ ਨੀਲੇ ਕੱਪੜੇ ਵੀ ਪਾਏ।