ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਸਤੰਬਰ
ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਦੇ ਮਾਮਲੇ ’ਚ ਪੁਲੀਸ ਨੇ ਅੱਜ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਤੋਂ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਇੰਦਰਜੀਤ ਸਿੰਘ ਗਿੱਲ (31) ਅਤੇ ਜਸਪਾਲ ਸਿੰਘ ਉਰਫ਼ ਰਿੰਪਾ (27) ਪਿੰਡ ਰੌਲੀ ਨੂੰ 5 ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ਅਤੇ ਹੁਣ ਗ੍ਰਿਫ਼ਤਾਰ ਕੀਤੇ ਰਾਮ ਤੀਰਥ ਪਿੰਡ ਰੌਲੀ ਨੂੰ ਸਥਾਨਕ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪਹਿਲਾਂ ਤੋਂ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਨੂੰ 8 ਸਤੰਬਰ ਤੱਕ ਜਦਕਿ ਰਾਮ ਤੀਰਥ ਨੂੰ 7 ਸਤੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਰਾਮ ਤੀਰਥ ਦੀ ਪਿੰਡ ਰੌਲੀ ’ਚ ਹਜਾਮਤ ਦੀ ਦੁਕਾਨ ਹੈ। ਦੋਵੇਂ ਮੁੱਖ ਮੁਲਜ਼ਮ ਝੰਡਾ ਝੁਲਾਉਣ ਮਗਰੋਂ ਇੰਦਰਜੀਤ ਦੇ ਰਿਸ਼ਤੇਦਾਰ ਜੱਗੇ ਕੋਲ ਪੱਖੋਵਾਲ (ਲੁਧਿਆਣਾ) ਚਲੇ ਗਏ ਸਨ ਜਿਸ ਨੂੰ ਪੁਲੀਸ ਨੇ ਪਨਾਹ ਦੇਣ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਸੂਤਰਾਂ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਦੱਸਿਆ ਕਿ ਉਹ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ’ਚ ਕੁਝ ਦਿਨ ਰਹਿਣ ਮਗਰੋਂ ਮੋਟਰਸਾਈਕਲ ’ਤੇ ਮੁਲਜ਼ਮ ਰਾਮ ਤੀਰਥ ਕੋਲ ਪਿੰਡ ਰੌਲੀ ’ਚ ਰਾਤ ਰੁਕੇ ਸਨ। ਉਹ ਰਾਤ ਕੱਟਣ ਮਗਰੋਂ ਮੋਟਰਸਾਈਕਲ ਰਾਮ ਤੀਰਥ ਕੋਲ ਛੱਡ ਕੇ ਦਿੱਲੀ ਚਲੇ ਗਏ ਸਨ ਜਿੱਥੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਉਨ੍ਹਾਂ ਨੂੰ ਨੇਪਾਲ ਜਾਂਦਿਆਂ ਕਾਬੂ ਕਰ ਲਿਆ ਸੀ।
ਚੌਲ ਵਪਾਰੀ ਨੂੰ ਗੋਲੀ ਮਾਰਨ ਲਈ ਵਰਤੀ ਕਾਰ ਮੁੱਲਾਂਪੁਰ ਤੋਂ ਖੋਹੀ
ਇੱਥੇ ਕੱਲ੍ਹ ਚੌਲ ਵਪਾਰੀ ਨੂੰ ਗੋਲੀ ਮਾਰਨ ਲਈ ਵਰਤੀ ਸਫ਼ੈਦ ਰੰਗ ਦੀ ਰਿਟਜ਼ ਕਾਰ ਥਾਣਾ ਮੁੱਲਾਂਪੁਰ ਦਾਖਾ ਅਧੀਨ ਕੌਮੀ ਮਾਰਗ ’ਤੇ ਬੱਦੋਵਾਲ ਕੋਲੋਂ 3 ਸਤੰਬਰ ਨੂੰ ਲੁਧਿਆਣਾ ਦੇ ਪ੍ਰਾਈਵੇਟ ਕੰਪਨੀਆਂ ਦੇ ਲੇਖਾਕਾਰ ਕੁਲਵੰਤ ਸਿੰਘ ਤੋਂ ਪਿਸਤੌਲ ਦਿਖਾ ਕੇ ਖੋਹੀ ਗਈ ਸੀ। ਸਥਾਨਕ ਪੁਲੀਸ ਇਸ ਕਾਰ ਦੀ ਭਾਲ ਕਰ ਰਹੀ ਹੈ। ਕਾਰ ਖੋਹਣ ਦੀ ਵਾਰਦਾਤ ਤੇ ਚੌਲ ਵਪਾਰੀ ਨੂੰ ਗੋਲੀ ਮਾਰਨ ਦੀ ਵਾਰਦਾਤ ’ਚ ਵੀ ਤਿੰਨ ਮੁਲਜ਼ਮ ਸ਼ਾਮਲ ਸਨ।