ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਗਸਤ
ਪੰਜਾਬ ਪੁਲੀਸ ਦੇ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿਚ ਇਹ ਤੀਜੀ ਗ੍ਰਿਫ਼ਤਾਰੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਰਾਜਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਇਕ ਪੁਲੀਸ ਕਰਮਚਾਰੀ ਹਰਪਾਲ ਸਿੰਘ ਅਤੇ ਫਤਹਿ ਦੀਪ ਸਿੰਘ ਵਾਸੀ ਪੱਟੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਅਕਤੀਆਂ ਵੱਲੋਂ ਪੁਲੀਸ ਦੇ ਸਬ ਇੰਸਪੈਕਟਰ ਦੀ ਕਾਰ ਹੇਠਾਂ ਬੰਬ ਲਾ ਕੇ ਧਮਾਕਾ ਕਰਨ ਦੀ ਇਹ ਯੋਜਨਾ ਪਾਕਿਸਤਾਨ ਅਤੇ ਕੈਨੇਡਾ ਵਿਚ ਬੈਠੇ ਕੁਝ ਅਤਿਵਾਦੀਆਂ ਤੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਹਰਪਾਲ ਸਿੰਘ ਅਤੇ ਫਤਿਹ ਦੀਪ ਸਿੰਘ ਪਹਿਲਾਂ ਹੀ ਅੱਠ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ, ਇਨ੍ਹਾਂ ਦੋਵਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਉਥੋਂ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸਨ। ਪੁਲੀਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਰਾਜਿੰਦਰ ਸਿੰਘ ਵੀ ਗੈਂਗਸਟਰ ਲਖਵਿੰਦਰ ਸਿੰਘ ਲੰਡਾ ਦਾ ਨੇੜਲਾ ਸਾਥੀ ਹੈ ਅਤੇ ਉਹ ਤਰਨਤਾਰਨ ਜ਼ਿਲ੍ਹੇ ਵਿਚ ਬਤੌਰ ਪ੍ਰਾਪਰਟੀ ਡੀਲਰ ਕੰਮ ਕਰਦਾ ਹੈ। ਪੰਜਾਬ ਪੁਲੀਸ ਨੇ ਇਸ ਵਿਅਕਤੀ ਨੂੰ ਮਹਾਰਾਸ਼ਟਰ ਦੀ ਪੁਲੀਸ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਪੰਜਾਬ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਵਿਅਕਤੀ ਨੇ ਦਿੱਲੀ ਵਿਚ ਪੁਲੀਸ ਕੋਲ ਆਤਮ ਸਮਰਪਣ ਕੀਤਾ ਹੈ।