ਨਵੀਂ ਦਿੱਲੀ, 4 ਜੁਲਾਈ
ਮੁੱਖ ਅੰਸ਼
- ਕਾਤਲਾਂ ਨੂੰ ਸ਼ਰਨ ਤੇ ਹੋਰ ਸਹਾਇਤਾ ਦੇਣ ਵਾਲਾ ਸਚਿਨ ਭਿਵਾਨੀ ਵੀ ਗ੍ਰਿਫ਼ਤਾਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗਾਇਕ-ਗੀਤਕਾਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕੇਸ ਵਿਚ ਦੋ ਹੋਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਮੂਸੇਵਾਲਾ ਨੂੰ ਕਥਿਤ ਤੌਰ ’ਤੇ ਬਿਲਕੁਲ ਨੇੜਿਓਂ ਗੋਲੀ ਮਾਰਨ ਵਾਲਾ ‘ਸ਼ੂਟਰ’ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਮਾਮਲੇ ਵਿਚ ਹੁਣ ਤੱਕ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਅੰਕਿਤ ਤੇ ਸਚਿਨ ਭਿਵਾਨੀ ਨੂੰ ਐਤਵਾਰ ਰਾਤ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਹੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੋਹ ਦੇ ‘ਵਾਂਟੇਡ’ ਅਪਰਾਧੀ ਹਨ। ਪੁਲੀਸ ਮੁਤਾਬਕ ਅੰਕਿਤ ਪੰਜਾਬੀ ਗਾਇਕ ਦੀ ਹੱਤਿਆ ਵਿਚ ਸ਼ਾਮਲ ‘ਸ਼ੂਟਰਾਂ’ ਵਿਚੋਂ ਇਕ ਹੈ। ਜਦਕਿ ਭਿਵਾਨੀ ਨੇ ਇਨ੍ਹਾਂ ਸ਼ੂਟਰਾਂ ਨੂੰ ਸ਼ਰਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦਾ ਰਹਿਣ ਵਾਲਾ ਭਿਵਾਨੀ ਰਾਜਸਥਾਨ ਵਿਚ ਲਾਰੈਂਸ ਬਿਸ਼ਨੋਈ ਗਰੋਹ ਦਾ ਕੰਮ ਦੇਖਦਾ ਹੈ। ਉਹ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਇਕ ਹੋਰ ਮਾਮਲੇ ’ਚ ਵੀ ਲੋੜੀਂਦਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪੁਲੀਸ ਕਮਿਸ਼ਨਰ (ਸਪੈਸ਼ਲ ਸੈੱਲ) ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਮਾਮਲੇ ਵਿਚ ਸ਼ੁਰੂਆਤੀ ਗ੍ਰਿਫ਼ਤਾਰੀਆਂ ਤੋਂ ਬਾਅਦ ਕਈ ਟੀਮਾਂ ਇਨ੍ਹਾਂ ਅਪਰਾਧੀਆਂ ਨੂੰ ਰਸਦ ਸਹਾਇਤਾ, ਹਥਿਆਰ ਤੇ ਲੁਕਣ ਦੇ ਟਿਕਾਣੇ ਮੁਹੱਈਆ ਕਰਾਉਣ ਵਾਲੇ ਲੋਕਾਂ ਨੂੰ ਫੜਨ ਲਈ ਵੱਡੇ ਪੱਧਰ ਉਤੇ ਕੰਮ ਕਰ ਰਹੀਆਂ ਸਨ। ਧਾਲੀਵਾਲ ਨੇ ਕਿਹਾ, ‘ਸਾਡੀ ਟੀਮ ਨੇ ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ ਤੇ ਦਿੱਲੀ ਵਿਚ ਛਾਪੇ ਮਾਰੇ ਹਨ। ਉਨ੍ਹਾਂ ਪ੍ਰਾਪਤ ਸੁਰਾਗਾਂ ਉਤੇ ਕੰਮ ਕਰਨਾ ਜਾਰੀ ਰੱਖਿਆ। ਐਤਵਾਰ ਰਾਤ ਕਰੀਬ 11 ਵਜੇ ਸਾਡੀ ਟੀਮ ਨੇ ਮੂਸੇਵਾਲਾ ਨੂੰ ਨੇੜਿਓਂ ਗੋਲੀ ਮਾਰਨ ਵਾਲੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਨਾਲ ਹੀ ਭਿਵਾਨੀ ਨੂੰ ਵੀ ਕਾਬੂ ਕੀਤਾ ਗਿਆ।’ ਧਾਲੀਵਾਲ ਮੁਤਾਬਕ ਭਿਵਾਨੀ ਨੇ ਹੱਤਿਆ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਸਾਰੇ ਸ਼ੂਟਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਅੰਕਿਤ ਹਰਿਆਣਾ ਦੇ ਸੇਰਸਾ ਪਿੰਡ ਦਾ ਰਹਿਣ ਵਾਲਾ ਹੈ ਤੇ ਰਾਜਸਥਾਨ ਵਿਚ ਉਸ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਦੋ ਕੇਸ ਦਰਜ ਹਨ। ਪੁਲੀਸ ਮੁਤਾਬਕ ਅੰਕਿਤ ਤੇ ਭਿਵਾਨੀ ਤੋਂ 9 ਐਮਐਮ ਦਾ ਇਕ ਪਿਸਤੌਲ ਤੇ ਉਸ ਦੇ 10 ਕਾਰਤੂਸ, 30 ਐਮਐਮ ਦਾ ਇਕ ਪਿਸਤੌਲ ਤੇ ਉਸ ਦੇ ਨੌਂ ਕਾਰਤੂਸ, ਪੰਜਾਬ ਪੁਲੀਸ ਦੀਆਂ ਤਿੰਨ ਵਰਦੀਆਂ, ਦੋ ਮੋਬਾਈਲ ਫੋਨ, ਇਕ ਡੌਂਗਲ ਤੇ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ। -ਪੀਟੀਆਈ
ਪੰਜਾਬ ਪੁਲੀਸ ਨੂੰ ਚਾਰ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਮਿਲਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਪੁਲੀਸ ਨੇ ਅੱਜ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਦੋ ਸ਼ੂਟਰਾਂ ਸਮੇਤ ਚਾਰ ਮੁਲਜ਼ਮਾਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿਚ ਪ੍ਰਿਯਵਰੱਤ ਉਰਫ਼ ਫ਼ੌਜੀ, ਕਸ਼ਿਸ਼, ਦੀਪਕ ਤੇ ਕੇਸ਼ਵ ਕੁਮਾਰ ਸ਼ਾਮਲ ਹਨ। ਅਦਾਲਤ ਨੇ ਇਸ ਗੱਲ ਉਤੇ ਗੌਰ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਤੇ ਅਪਰਾਧਕ ਦੋਸ਼ ਹਨ ਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਸਬੰਧਤ ਅਦਾਲਤ ਵਿੱਚ ਪੇਸ਼ ਕਰਨ ਲਈ ਟਰਾਂਜ਼ਿਟ ਰਿਮਾਂਡ ਦਿੱਤਾ ਜਾਂਦਾ ਹੈ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁਲਜ਼ਮਾਂ ਦੀ ਡਾਕਟਰੀ ਜਾਂਚ ਸੁਪਰੀਮ ਕੋਰਟ ਦੁਆਰਾ ਨਿਰਧਾਰਿਤ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ ਅਤੇ ਜੇਕਰ ਇਨ੍ਹਾਂ ਨੂੰ ਕਿਸੇ ਡਾਕਟਰੀ ਸਹੂਲਤ ਦੀ ਲੋੜ ਪੈਂਦੀ ਹੈ, ਤਾਂ ਜਲਦੀ ਤੋਂ ਜਲਦੀ ਦਿੱਤੀ ਜਾਵੇ। ਅਸਲ ਆਰਡਰ ਸਮੇਤ ਰਿਕਾਰਡ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਤਿਹਾੜ ਅਤੇ ਰੋਹਿਣੀ ਦੇ ਜੇਲ੍ਹ ਸੁਪਰਡੈਂਟਾਂ ਨੂੰ ਵੀ ਇਨ੍ਹਾਂ ਮੁਲਜ਼ਮਾਂ ਦੀ ਹਿਰਾਸਤ ਮਾਨਸਾ ਦੇ ਆਈਓ ਐੱਸਪੀ ਧਰਮਵੀਰ ਸਿੰਘ/ਡੀਐੱਸਪੀ ਗੋਬਿੰਦਰ ਸਿੰਘ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਮਾਨਸਾ ਲਿਆਉਣ ਦੀ ਕਾਨੂੰਨੀ ਚਾਰਾਜੋਈ ਆਰੰਭਣ ਤੋਂ ਬਾਅਦ ਪੰਜਾਬ ਪੁਲੀਸ ਦੀ ਟੀਮ ਦਿੱਲੀ ਪੁੱਜੀ ਸੀ। ਤਿੰਨ ਮੁਲਜ਼ਮ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਸਾ ਲਿਆਂਦਾ ਜਾਵੇਗਾ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਦਿੱਲੀ ਤੋਂ ਲਿਆ ਕੇ ਬਾਕੀ ਸ਼ੂਟਰਾਂ ਮਨਪ੍ਰੀਤ ਮਨੂ ਕੁੱਸਾ, ਜਗਰੂਪ ਰੂਪਾ ਅਤੇ ਦੀਪਕ ਮੁੰਡੀ ਦੇ ਦੂਜੇ ਸੂਬਿਆਂ ਵਿਚ ਲੁਕੇ ਹੋਣ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਅਤੇ ਪੰਜਾਬ ਪੁਲੀਸ ਇਨ੍ਹਾਂ ਰਾਜਾਂ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਮਾਨਸਾ ਪੁਲੀਸ ਨੂੰ ਹੁਣ ਇਕ ਨਵੀਂ ਜਾਣਕਾਰੀ ਵੀ ਮਿਲ ਰਹੀ ਹੈ ਕਿ ਕਤਲ ਕਾਂਡ ਤੋਂ ਬਾਅਦ ਸ਼ੂਟਰ 9 ਦਿਨ ਮਾਨਸਾ ਜ਼ਿਲ੍ਹੇ ਅੰਦਰ ਹੀ ਰਹੇ ਹਨ।