ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਮਈ
ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਸ਼ੁਰੂ ਹੋ ਗਈ ਹੈ, ਜਿਸ ਲਈ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ ਰਿਸ਼ੀਕੇਸ਼ ਸਥਿਤ ਗੁਰਦੁਆਰੇ ਤੋਂ ਰਵਾਨਾ ਹੋਇਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ 22 ਮਈ ਨੂੰ ਖੋਲ੍ਹੇ ਜਾਣਗੇ।
ਇਸ ਪਹਿਲੇ ਜਥੇ ਨੂੰ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਅਤੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਵਾਨਾ ਕੀਤਾ। ਉਨ੍ਹਾਂ ਜਥੇ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਦਾ ਸਨਮਾਨ ਵੀ ਕੀਤਾ। ਇਸ ਸਬੰਧੀ ਪਹਿਲਾਂ ਰਿਸ਼ੀਕੇਸ਼ ਦੇ ਗੁਰਦੁਆਰੇ ਵਿੱਚ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਗੁਰਮਤਿ ਸਮਾਗਮ ਕਰਵਾਇਆ। ਟਰੱਸਟ ਦੇ ਪ੍ਰਧਾਨ ਜਨਕ ਸਿੰਘ ਤੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਰਿਸ਼ੀਕੇਸ਼ ਦੀਆਂ ਕਈ ਜਥੇਬੰਦੀਆਂ ਤੇ ਹੋਰ ਪਤਵੰਤੇ ਸ਼ਾਮਲ ਹੋਏ। ਰਾਜਪਾਲ ਤੇ ਮੁੱਖ ਮੰਤਰੀ ਨੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪਹਿਲਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸੁਣਿਆ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਪ੍ਰੇਮ ਚੰਦ ਅਗਰਵਾਲ ਤੇ ਸੁਬੋਧ ਓਨਿਆਲ, ਰਿਸ਼ੀਕੇਸ਼ ਨਗਰ ਨਿਗਮ ਦੀ ਮੇਅਰ ਅਨੀਤਾ ਮਮਗਾਈ ਵੀ ਹਾਜ਼ਰ ਸਨ।
ਇਸ ਮੌਕੇ ਗੁਰਮਤਿ ਸੰਗੀਤ ਬਾਲ ਵਿਦਿਆਲਾ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤਾ। ਰਾਜਪਾਲ ਨੇ ਆਪਣੇ ਸੰਬੋਧਨ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਜਥੇ ਨੂੰ ਰਵਾਨਾ ਕਰਨ ਮਗਰੋਂ ਰਾਜਪਾਲ, ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਨੇ ਗੁਰੂ ਘਰ ਵਿੱਚ ਲੰਗਰ ਛਕਿਆ। ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਜਥਾ ਉਤਰਾਖੰਡ ਦੇ ਸ੍ਰੀਨਗਰ ਸ਼ਹਿਰ ਵਿੱਚ ਰਾਤ ਬਿਤਾਉਣ ਮਗਰੋਂ 20 ਮਈ ਨੂੰ ਗੁਰਦੁਆਰਾ ਗੋਬਿੰਦਘਾਟ ਪੁੱਜੇਗਾ, ਜਿਥੋਂ ਸ਼ਰਧਾਲੂ 21 ਮਈ ਨੂੰ 13 ਕਿਲੋਮੀਟਰ ਉਂਚਾਈ ’ਤੇ ਸਥਾਪਤ ਗੁਰਦੁਆਰਾ ਗੋਬਿੰਦਧਾਮ ਪੁੱਜਣਗੇ ਅਤੇ 22 ਮਈ ਨੂੰ ਸੰਗਤ 15 ਹਜ਼ਾਰ ਫੁੱਟ ਦੀ ਉਂਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਕੇ ਦਰਸ਼ਨ ਕਰੇਗੀ। ਉਥੇ ਖਾਲਸਈ ਰਵਾਇਤ ਨਾਲ ਗੁਰਦੁਆਰੇ ਦੇ ਕਿਵਾੜ ਖੋਲ੍ਹੇ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਤਰਾਖੰਡ ਸਰਕਾਰ ਵਨੇ ਇਸ ਸਾਲਾਨਾ ਯਾਤਰਾ ਨਾਲ ਸਬੰਧਤ ਸੰਗਤ ਵਾਸਤੇ ਰਜਿਸਟਰੇਸ਼ਨ ਤੇ ਈਪਾਸ ਲੈਣਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਵੱਲੋਂ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਹੀ ਈਪਾਸ ਜਾਰੀ ਕੀਤੇ ਜਾਣਗੇ।