ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਦੀਵਾਨ ਟੋਡਰਮਲ ਹਾਲ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਇਜਲਾਸ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੋ ਸਕਦਾ ਹੈ। ਉਨ੍ਹਾਂ ਖ਼ਾਲਸਾਈ ਖੇਡਾਂ ਨਵੰਬਰ ਵਿੱਚ ਫ਼ਤਹਿਗੜ੍ਹ ਸਾਹਿਬ ਵਿੱਚ ਕਰਵਾਉਣ ਦਾ ਵੀ ਐਲਾਨ ਕੀਤਾ। ਪ੍ਰਧਾਨਗੀ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀਂ ਤੇ ਜਿਸ ਨੂੰ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਚੁਣਿਆ ਜਾਵੇਗਾ, ਉਹੀ ਪ੍ਰਧਾਨ ਬਣੇਗਾ।
ਉਨ੍ਹਾਂ ਦੀਵਾਨ ਟੋਡਰ ਮੱਲ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆਂ ਭਰ ’ਚ ਅਜਿਹੀ ਕੁਰਬਾਨੀ ਦੀ ਕੋਈ ਹੋਰ ਮਿਸਾਨ ਨਹੀਂ ਮਿਲਦੀ। ਸ਼੍ਰੋਮਣੀ ਕਮੇਟੀ ਨੇ ਦੀਵਾਨ ਹਾਲ ਦੇ ਸੁੰਦਰੀਕਰਨ ਦਾ ਕੰਮ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਦਿੱਤਾ ਹੈ।
ਉਨ੍ਹਾਂ ਇਸ ਮੌਕੇ ਹਾਲ ਦਾ ਮੁੱਢਲਾ ਹਿੱਸਾ ਸ਼ਹੀਦੀ ਸਭਾ ਤੋਂ ਪਹਿਲਾਂ ਤਿਆਰ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀ 42 ਕਰੋੜ ਰੁਪਏ ਦੇ ਕਰੀਬ ਸਕਾਲਰਸ਼ਿਪ ਰਾਸ਼ੀ ਜਾਰੀ ਨਾ ਕਰਨ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਵੀ ਮੰਗ ਕੀਤੀ।