ਡੀਪੀਐੱਸ ਬੱਤਰਾ
ਸਮਰਾਲਾ, 24 ਜੁਲਾਈ
ਕੇਂਦਰ ਸਰਕਾਰ ਵੱਲੋਂ ਇੱਟਾਂ ’ਤੇ ਜੀਐੱਸਟੀ ਦੀ ਦਰ ਵਧਾਉਣ ਅਤੇ ਕੋਲੇ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਇਲਾਵਾ ਹੋਰ ਮੰਗਾਂ ਸਬੰਧੀ ਅੱਜ ਇੱਥੇ ਪੰਜਾਬ ਭੱਠਾ ਐਸੋਸੀਏਸ਼ਨ ਨੇ ਸੂਬੇ ਦੇ ਸਮੂਹ 2700 ਭੱਠੇ ਅਣਮਿੱਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਭੱਠਾ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਉਹ ਪਹਿਲਾਂ ਤੋਂ ਬਣੀਆਂ ਇੱਟਾਂ ਦੀ ਵਿਕਰੀ ਵੀ ਠੱਪ ਕਰ ਦੇਣਗੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਪੰਜ ਫੀਸਦ ਤੋਂ ਵਧਾ ਕੇ 12 ਫੀਸਦੀ ਕਰਕੇ ਦੇਸ਼ ਦੇ ਲੱਖਾਂ ਭੱਠਾਂ ਮਾਲਕਾਂ ਸਮੇਤ ਇਸ ਕਿੱਤੇ ਨਾਲ ਜੁੜੇ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਦਾ ਯਤਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਭੱਠੇ ਚਲਾਉਣ ਲਈ ਵਰਤੇ ਜਾਂਦੇ ਕੋਲੇ ਦੀਆਂ ਕੀਮਤਾਂ ’ਚ ਵੀ ਅਚਾਨਕ ਤਿੰਨ ਗੁਣਾਂ ਵਾਧਾ ਹੋਣ ਨਾਲ ਉਹ ਆਪਣੇ ਭੱਠੇ ਬੰਦ ਕਰਨ ਲਈ ਮਜਬੂਰ ਹਨ। ਮੀਟਿੰਗ ਵਿੱਚ ਹਾਜ਼ਰ ਹੋਰ ਆਗੂਆਂ ਨੇ ਆਲ ਇੰਡੀਆ ਟਾਈਲ ਮੈਨੂਫੈਕਚਰ ਫੈਡਰੇਸ਼ਨ ਵੱਲੋਂ ਮੰਗਾਂ ਸਬੰਧੀ ਦਿੱਤੇ ਹੜਤਾਲ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭੱਠਾ ਮਾਲਕ ਲੋੜ ਪੈਣ ’ਤੇ ਇੱਟਾਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਵੀ ਲੈ ਸਕਦੇ ਹਨ, ਜਿਸ ਨਾਲ ਸਰਕਾਰੀ ਯੋਜਨਾਵਾਂ ਅਤੇ ਪ੍ਰਾਜੈਕਟਾਂ ’ਤੇ ਵੀ ਸਿੱਧਾ ਅਸਰ ਪਵੇਗਾ। ਇਸ ਮੌਕੇ ਪ੍ਰਵੀਨ ਜਿੰਦਲ, ਇੰਦਰਜੀਤ ਸਿੰਘ ਲੋਪੋ, ਅਸ਼ਵਨੀ ਸ਼ਰਮਾ, ਕੁਲਵੰਤ ਪੁਰੀ, ਸੁਰਿੰਦਰ ਤਾਗੜੀ, ਅਵਤਾਰ ਸਿੰਘ, ਬੱਬੂ ਵਿਰਦੀ, ਜਗਜੀਤ ਸਿੰਘ, ਹਰਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।