ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੂਨ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਸੱਦਾ ਦਿੱਤਾ ਹੈ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਖ਼ਿਲਾਫ਼ ਚਲਾਈਆਂ ਜਾ ਰਹੀਆਂ ਚਾਲਾਂ ਦੇ ਟਾਕਰੇ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਾਰੀ ਧਰਨੇ 258ਵੇਂ ਦਿਨ ਵੀ ਜਾਰੀ ਰਹੇ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲੁਕਵੇਂ ਢੰਗ ਨਾਲ ਬਿਜਲੀ ਸਬਸਿਡੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਦੀ ਇਸ ਨੀਤੀ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ-2020 ਦੇ ਮਨੋਰਥਾਂ ਨੂੰ ਪੂਰਾ ਕਰਨ ਲਈ ਨਵੀਆਂ ਚਾਲਾਂ ਚੱਲ ਰਹੀ ਹੈ। ਪੰਜਾਬ ਭਰ ਵਿੱਚ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਕਿਸਾਨ ਆਗੂਆਂ ਨੇ ਅੱਜ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਚੌਥੀ ਬਰਸੀ ਮੌਕੇ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ। ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਬਿਜਲੀ ਸਬਸਿਡੀ ਬੰਦ ਕਰ ਕੇ ਕਿਸਾਨਾਂ ਨੂੰ ਬਿਜਲੀ ਬਿੱਲ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਤਿੰਨੇ ਖੇਤੀ ਕਾਨੂੰਨ ਰੱਦ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਿਸ ਲੈਣ, ਬਿਜਲੀ ਸੋਧ ਬਿੱਲ-2020 ਤੇ ਹਵਾ ਪ੍ਰਦੂਸ਼ਣ ਐਕਟ-2020 ਤੁਰੰਤ ਰੱਦ ਕਰਨ ਦੀ ਮੰਗ ਕੀਤੀ ਤੇ 26 ਜੂਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਟਿਕਰੀ ਮੋਰਚਿਆਂ ਲਈ ਕਾਫ਼ਲਿਆਂ ਦਾ ਲਗਾਤਾਰ ਜਾਣਾ ਜਾਰੀ ਹੈ। ਲੁਧਿਆਣਾ ਦੇ ਪਿੰਡ ਸਿੱਧਵਾਂ ਕਲਾਂ ਤੋਂ ਔਰਤਾਂ ਦਾ ਜਥਾ ਅੱਜ ਸਿੰਘੂ ਹੱਦ ਲਈ ਰਵਾਨਾ ਹੋਇਆ।
ਕਿਸਾਨ ਰਾਜਪਾਲ ਦੀ ਰਿਹਾਇਸ਼ ਵੱਲ ਕਰਨਗੇ ਮਾਰਚ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਸਾਢੇ ਅੱਠ ਮਹੀਨਿਆਂ ਤੋਂ ਸੰਘਰਸ਼ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਜੂਨ ਨੂੰ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਸੰਯੁਕਤ ਮੋਰਚੇ ਦੇ ਆਗੂ ਤੇ ਕਾਨੂੰਨੀ ਵਿੰਗ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਅਤੇ ਸੀਨੀਅਰ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਅੱਜ ਇੱਥੇ ਦੱਸਿਆ ਕਿ ਮੋਰਚੇ ਦੇ ਫੈਸਲੇ ਮੁਤਾਬਕ ਸਮੂਹ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹਿਲਾਂ ਤਾਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਇਕੱਤਰ ਹੋਣਗੇ, ਉਥੋਂ ਰਾਜ ਭਵਨ ਵੱਲ ਨੂੰ ਕਿਸਾਨ ਦਾ ਵੱਡਾ ਕਾਫਲਾ ਕੂਚ ਕਰੇਗਾ। ਮਾਰਚ ਦਾ ਫੈਸਲਾ ਸੰਯੁਕਤ ਮੋਰਚੇ ਦਾ ਹੈ ਤੇ ਉਸੇ ਦਿਨ ਰਾਸ਼ਟਰਪਤੀ ਦੇ ਨਾਂ ਰੋਸ ਪੱਤਰ ਦਿੱਤੇ ਜਾਣਗੇ।