ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਪਰੈਲ
ਇੱਥੋਂ ਨੇੜਲੇ ਪਿੰਡ ਅਠੌਲਾ ਪਹੁੰਚੇ ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤਾਂ ਅਤੇ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਪਰਵਾਸੀ ਭਾਰਤੀਆਂ ਦੇ ਵਡਮੁੱਲੇ ਯੋਗਦਾਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਵਿਆਪਕ ਨੀਤੀ ਤਿਆਰ ਕਰ ਕੇ ਜਲਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੀਤੀ ਦਾ ਖਰੜਾ ਅਗਲੇ ਦੋ ਹਫ਼ਤਿਆਂ ਵਿੱਚ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਅਤੇ ਉਨ੍ਹਾਂ ਦੇ ਕਾਨੂੰਨੀ ਕੇਸਾਂ ਸਮੇਤ ਹੋਰ ਮੁੱਦੇ ਆਉਣ ਵਾਲੀ ਨੀਤੀ ਦਾ ਮੁੱਖ ਵਿਸ਼ਾ ਹੋਣਗੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪਰਵਾਸੀ ਭਾਰਤੀਆਂ ਨਾਲ ਮਜ਼ਬੂਤ ਸੰਪਰਕ ਸਾਧਣ ’ਤੇ ਵੀ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀਆਂ ਦੀ ਸਹੂਲਤ ਲਈ ਸਾਰੇ ਜ਼ਿਲ੍ਹਿਆਂ ਵਿੱਚ ਨੋਡਲ ਅਫਸਰ ਤਾਇਨਾਤ ਕੀਤੇ ਜਾ ਰਹੇ ਹਨ।
ਬੀਤੇ ਦਿਨੀਂ ਅਮਰੀਕਾ ਵੱਸੇ ਐੱਨਆਰਆਈ ਹਰਮੇਲ ਸਿੰਘ ਸ਼ਾਹ, ਗੁਰਕਰਨ ਸਿੰਘ ਸ਼ਾਹ ਅਤੇ ਕੈਨੇਡਾ ਵੱਸੇ ਨਵਤੇਜ ਸਿੰਘ ਸ਼ਾਹ ਨੇ ਆਪਣੇ ਦਾਦਾ ਗੁਰਬਖਸ਼ ਸਿੰਘ ਸ਼ਾਹ ਅਤੇ ਦਾਦੀ ਹਰਬੰਸ ਕੌਰ ਨੂੰ ਸਮਰਪਿਤ ਪਿੰਡ ਅਠੌਲਾ ਵਿੱਚ 50 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਮਾਰਟ ਸਕੂਲ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਧਾਲੀਵਾਲ ਨੇ ਅੱਜ ਉਸ ਸਕੂਲ ਦੇ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਸਰਪੰਚ ਪ੍ਰੋ. ਭੁਪਿੰਦਰ ਕੌਰ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ।