ਗੁਰਦੀਪ ਸਿੰਘ ਲਾਲੀ/ਜਸਵੰਤ ਸਿੰਘ ਗਰੇਵਾਲ
ਜਖੇਪਲ (ਸੰਗਰੂਰ), 26 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸੂਬਾ ਪੱਧਰੀ ਕਾਨਫਰੰਸ ਦੇ ਦੂਜੇ ਦਿਨ ਕੇਂਦਰ ਵੱਲੋਂ ਰਾਜਾਂ ਦੇ ਅਧਿਕਾਰਾਂ ’ਤੇ ਕੀਤੇ ਜਾ ਰਹੇ ਘਾਤਕ ਹਮਲਿਆਂ ਖ਼ਿਲਾਫ਼ ਸੰਘਵਾਦ ਦੀਆਂ ਹਾਮੀ ਧਿਰਾਂ ਨਾਲ ਰਲ ਕੇ ਘੋਲ ਵਿੱਢਣ ਦਾ ਫ਼ੈਸਲਾ ਲਿਆ ਗਿਆ। ਇੱਕ ਹੋਰ ਮਤੇ ਰਾਹੀਂ ਡੈਲੀਗੇਟਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ’ਤੇ ਸੂਬੇ ਦੀ ‘ਆਪ’ ਸਰਕਾਰ ਵੱਲੋਂ ਢਾਹੇ ਜਾ ਰਹੇ ਜਬਰ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।
ਸ਼ਹੀਦ ਊਧਮ ਸਿੰਘ ਨਗਰ, ਗਦਰੀ ਬੀਬੀ ਗੁਲਾਬ ਕੌਰ ਹਾਲ ਤੇ ਕਾਮਰੇਡ ਸਤਵੰਤ ਸਿੰਘ ਮੰਚ ਸੰਯੋਗ ਪੈਲੇਸ ਜਖੇਪਲ ’ਚ ਚੱਲ ਰਹੀ ਕਾਨਫਰੰਸ ਦੌਰਾਨ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਾਏ ਵੱਲੋਂ ਪੇਸ਼ ਕੀਤੀ ਸਰਗਰਮੀਆਂ ਅਤੇ ਭਵਿੱਖੀ ਕਾਰਜਾਂ ਬਾਰੇ ਰਿਪੋਰਟ ’ਤੇ ਬਹਿਸ ਕਰਦਿਆਂ ਡੈਲੀਗੇਟਾਂ ਨੇ ਪਾਰਟੀ ਅਤੇ ਲਹਿਰ ਦੇ ਵਾਧੇ ਲਈ ਠੋਸ ਸੁਝਾਅ ਪੇਸ਼ ਕੀਤੇ। ਕਾਨਫਰੰਸ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਮੌਜੂਦ ਸਨ ਜਦਕਿ ਕੇਂਦਰੀ ਸਟੈਂਡਿੰਗ ਕਮੇਟੀ ਮੈਂਬਰ ਹਰਕੰਵਲ ਸਿੰਘ ਨੇ ਲਿਖਤੀ ਸੰਦੇਸ਼ ਭੇਜਿਆ। ਇਸ ਦੌਰਾਨ ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਬਰਾੜ, ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾ ਸਕੱਤਰ ਸਾਥੀ ਰਾਜਬਿੰਦਰ ਰਾਣਾ ਅਤੇ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਬੇਰੁਜ਼ਗਾਰੀ ਅਤੇ ਮਹਿੰਗਾਈ ’ਤੇ ਕਾਬੂ ਪਾਉਣ, ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਬਿਜਲੀ ਆਦਿ ਮੁਫਤ ਦੇਣ, ਕੱਚੇ ਕਾਮਿਆਂ ਅਤੇ ਠੇਕਾ ਤੇ ਸਕੀਮ ਕਰਮਚਾਰੀਆਂ ਨੂੰ ਪੱਕਾ ਕਰਨ, ਦਲਿਤਾਂ ਤੇ ਔਰਤਾਂ ਖ਼ਿਲਾਫ਼ ਜ਼ੁਲਮ ਤੇ ਵਿਤਕਰਾ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ।
ਮੰਚ ਦੀ ਕਾਰਵਾਈ ਸਾਥੀ ਜਸਵਿੰਦਰ ਸਿੰਘ ਢੇਸੀ, ਪ੍ਰੋ. ਸੁਰਿੰਦਰ ਪਾਲ ਕੌਰ ਜੈਪਾਲ, ਮੋਹਨ ਸਿੰਘ ਧਮਾਣਾ, ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ ਨੇ ਚਲਾਈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ. ਚਰਨਜੀਤ ਸਿੰਘ, ਡਾ. ਮਹਾਵੀਰ, ਡਾ. ਗੁਰਜੰਟ ਸਿੰਘ, ਡਾ. ਕੁਲਦੀਪ ਸਿੰਘ ਨੇ ਮੈਡੀਕਲ ਸਹਾਇਤਾ ਕੈਂਪ ਲਾਇਆ।