ਪਾਲ ਸਿੰਘ ਨੌਲੀ
ਜਲੰਧਰ, 2 ਜਨਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ਕਰਕੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਜੱਲ੍ਹਿਆਂਵਾਲਾ ਬਾਗ ਦਾ ਇਤਿਹਾਸਕ ਤੇ ਪੁਰਾਣਾ ਸਰੂਪ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਕਨਵੈਨਸ਼ਨ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਸ਼ੀਤਲ ਸਿੰਘ ਸੰਘਾ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਮੰਗਤ ਰਾਮ ਪਾਸਲਾ ਖਜ਼ਾਨਚੀ ਰਣਜੀਤ ਸਿੰਘ ਔਲਖ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸ਼ਾਮਲ ਸਨ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਸਮੇਤ ਅਨੇਕਾਂ ਇਤਿਹਾਸਕ ਥਾਵਾਂ ਅਤੇ ਸਿਲੇਬਸਾਂ ਦੀਆਂ ਪੁਸਤਕਾਂ ਵਿੱਚ ਅਦਲਾ-ਬਦਲੀ ਕਰਕੇ ਕੇਂਦਰੀ ਭਾਜਪਾ ਹਕੂਮਤ ਅਸਲ ’ਚ ਸਾਮਰਾਜ ਅਤੇ ਉਸ ਦੇ ਹਿੱਤ ਪਾਲਕਾਂ ਖ਼ਿਲਾਫ਼ ਬਗ਼ਾਵਤ ਦੀਆਂ ਸਾਰੀਆਂ ਨਿਸ਼ਾਨੀਆਂ, ਸਿੱਖਿਆਵਾਂ ਅਤੇ ਇਤਿਹਾਸ ਨੂੰ ਮਲੀਆ-ਮੇਟ ਕਰਨ ’ਤੇ ਤੁਲੀ ਹੋਈ ਹੈ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਹੱਥ ਖੜ੍ਹੇ ਕਰਕੇ ਆਵਾਜ਼ ਬੁਲੰਦ ਕਰਦਿਆਂ ਮੰਗ ਕੀਤੀ ਗਈ ਕਿ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਦੇਸ਼ ਭਗਤ ਯਾਦਗਾਰ ਕਮੇਟੀ ਆਵਾਜ਼ ਬੁਲੰਦ ਕਰਦੀ ਰਹੇਗੀ।
ਕਨਵੈਨਸ਼ਨ ਦੌਰਾਨ ਹਰਿਦੁਆਰ ਅਤੇ ਹੋਰ ਥਾਵਾਂ ’ਤੇ ਇੱਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਦਹਿਸ਼ਤ ਵਾਲਾ ਮਾਹੌਲ ਖੜ੍ਹਾ ਕਰਨ ਲਈ ਤੇਜ਼ ਕੀਤੇ ਹੱਲੇ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਗਿਆ।
ਇਹ ਮਤਾ ਵੀ ਪਾਸ ਕੀਤਾ ਗਿਆ ਕਿ ਮੁਲਕ ਅੰਦਰ ਲੜੇ ਸ਼ਾਨਾਮੱਤੇ ਇਤਿਹਾਸਕ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਏ। ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਪੱਤਰਕਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ। ਮੰਚ ਸੰਚਾਲਕ ਦੀ ਭੂਮਿਕਾ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।