ਬਟਾਲਾ (ਹਰਜੀਤ ਸਿੰਘ ਪਰਮਾਰ): ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 39 ਦਾ ਮੁਕਾਬਲਾ ਬਹੁਤ ਦਿਲਚਸਪ ਰਿਹਾ। ਕਾਂਗਰਸ ਉਮੀਦਵਾਰ ਰੀਨਾ ਅਤੇ ਭਾਜਪਾ ਦੀ ਆਰਤੀ ਕਲਿਆਣ ਦੀਆਂ ਬਰਾਬਰ 619-619 ਵੋਟਾਂ ਨਿਕਲੀਆਂ। ਚੋਣ ਅਧਿਕਾਰੀ ਨੇ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਲੈ ਕੇ ਪਰਚੀਆਂ ਨਾਲ ਨਤੀਜਾ ਐਲਾਨਣ ਦਾ ਫੈਸਲਾ ਲਿਆ। ਇਸ ਦੌਰਾਨ ਵੀ ਦਿਲਚਸਪੀ ਬਰਕਰਾਰ ਰਹੀ ਅਤੇ ਦੋਵਾਂ ਦੇ ਨਾਵਾਂ ਦੀਆਂ ਪਰਚੀਆਂ ਦੇ ਨਾਲ ਖਾਲੀ ਪਰਚੀਆਂ ਇੱਕ ਡੱਬੇ ਵਿੱਚ ਪਾ ਕੇ ਪਰਚੀ ਕੱਢੀ ਗਈ ਤਾਂ ਦੋ ਵਾਰ ਖਾਲੀ ਪਰਚੀ ਨਿਕਲੀ ਪਰ ਕਿਸਮਤ ਕਾਂਗਰਸ ਦੇ ਨਾਲ ਸੀ ਅਤੇ ਤੀਸਰੀ ਵਾਰ ਪਰਚੀ ਕਾਂਗਰਸੀ ਉਮੀਦਵਾਰ ਰੀਨਾ ਦੀ ਨਿਕਲੀ ਅਤੇ ਉਸ ਨੂੰ ਜੇਤੂ ਸਰਟੀਫਿਕੇਟ ਦਿੱਤਾ ਗਿਆ। ਬਟਾਲਾ ਦੀਆਂ 50 ਸੀਟਾਂ ਵਿੱਚੋਂ ਕਾਂਗਰਸ ਨੇ 36, ਸ਼੍ਰੋਮਣੀ ਅਕਾਲੀ ਦਲ ਨੇ 6, ਭਾਜਪਾ ਨੇ 4 ਅਤੇ ਆਪ ਨੇ 3 ਸੀਟਾਂ ਜਿੱਤੀਆਂ। ਇਕ ਆਜ਼ਾਦ ਉਮੀਦਵਾਰ ਵੀ ਜੇਤੂ ਰਿਹਾ। ਕਾਂਗਰਸ ਆਗੂ ਅਸ਼ਵਨੀ ਸੇਖੜੀ ਦੀ ਭੈਣ ਨਵੀਨ ਨਈਅਰ ਵਾਰਡ ਨੰਬਰ 34 ਤੋਂ ਸੀਟ ਜਿੱਤਣ ਵਿੱਚ ਕਾਮਯਾਬ ਰਹੀ। ਬਟਾਲਾ ਤੋਂ ਤਿੰਨ ਵਾਰ ਵਿਧਾਇਕ ਅਤੇ ਸੰਸਦੀ ਸਕੱਤਰ ਰਹੇ ਭਾਜਪਾ ਨੇਤਾ ਜਗਦੀਸ਼ ਰਾਜ ਸਾਹਨੀ ਦੀ ਬੇਟੀ ਅੰਬਿਕਾ ਖੰਨਾ ਵਾਰਡ ਨੰਬਰ 36 ਤੋਂ 385 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ।