ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਸਤੰਬਰ
ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਲਾਏ ਤਿੰਨ ਰੋਜ਼ਾ ਮੋਰਚੇ ਤੋਂ 14 ਸਤੰਬਰ ਨੂੰ ਵਾਪਸ ਪਰਤ ਰਹੇ ਦੋ ਮਜ਼ਦੂਰਾਂ ਦੀ ਫਿਲੌਰ ’ਚ ਰੇਲ ਹਾਦਸੇ ਦੌਰਾਨ ਹੋਈ ਮੌਤ ਦੇ ਚਾਰ ਦਿਨ ਬੀਤਣ ’ਤੇ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਨਾ ਦੇਣ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਤੇ ਇੱਕ-ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਤਾਂ ਨਹੀਂ ਤਾਂ 20 ਸਤੰਬਰ ਨੂੰ ਫਿਲੌਰ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ‘ਆਪ’ ਸਰਕਾਰ ਬੇਰੁਖੀ ਕਾਰਨ ਅੱਜ ਚੌਥੇ ਦਿਨ ਵੀ ਮ੍ਰਿਤਕਾਂ ਦਾ ਸਸਕਾਰ ਨਹੀਂ ਹੋ ਸਕਿਆ।