ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਖੇਡ ਮੰਤਰੀ ਪਰਗਟ ਸਿੰਘ ਨੇ ਤਗ਼ਮਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਇੱਥੇ ਪੁਰਾਣੇ ਖਿਡਾਰੀਆਂ ਨਾਲ ਸੱਦੀ ਇਕ ਮਿਲਣੀ ਦੌਰਾਨ ਕਿਹਾ ਵੱਡੇ ਸਟੇਡੀਅਮ ਦੀ ਬਜਾਏ ਸਿਖਲਾਈ ਕੇਂਦਰ ਸਥਾਪਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ ਖੇਡਾਂ ਦੇ ਕੋਟੇ ਤਹਿਤ ਸਰਕਾਰੀ ਨੌਕਰੀ ਕਰ ਰਹੇ ਖਿਡਾਰੀਆਂ ਦੀਆਂ ਸੇਵਾਵਾਂ ਖੇਡ ਵਿਭਾਗ ਵੱਲੋਂ ਲਈਆਂ ਜਾਣਗੀਆਂ, ਜਿਸ ਬਾਰੇ ਸਰਕਾਰ ਨੀਤੀ ਬਣਾ ਰਹੀ ਹੈ। ਮੀਟਿੰਗ ਦੌਰਾਨ ਵੱਖ-ਵੱਖ ਖਿਡਾਰੀਆਂ ਤੇ ਕੋਚਾਂ ਨੇ ਸੁਝਾਅ ਦਿੱਤੇ। ਸਕੱਤਰ ਖੇਡਾਂ ਅਜੋਏ ਸ਼ਰਮਾ ਨੇ ਕਿਹਾ ਕਿ ਖੇਡ ਸੱਭਿਆਚਾਰ ਪੈਦਾ ਕਰਨ ਲਈ ਖਿਡਾਰੀਆਂ, ਯੁਵਕ ਕਲੱਬਾਂ ਤੇ ਹੋਰ ਜੁੜੇ ਹੋਏ ਲੋਕਾਂ ਵਲੋਂ ਮਿਲ ਕੇ ਕੰਮ ਕਰਨ ਦੀ ਲੋੜ ਹੈ। ਮੀਟਿੰਗ ਵਿੱਚ ਮਿਲੇ ਸੁਝਾਅ ਵਿਭਾਗ ਨੂੰ ਖੇਡ ਨੀਤੀ ਦਾ ਖਾਕਾ ਉਲੀਕਣ ਵਿੱਚ ਮਦਦ ਮਿਲੇਗੀ।