ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਈ
ਕੁੱਝ ਸਿੱਖ ਆਗੂਆਂ ਦੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਗੁਰੂ ਤੇਗ ਬਹਾਦਰ ਦੇ ਸਮਕਾਲੀ ਸਿੱਖਾਂ ’ਤੇ ਫਿਲਮਾਂ ਤਿਆਰ ਕਰਨ ਦੀ ਆਪਣੀ ਪ੍ਰਸਤਾਵਿਤ ਯੋਜਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਅੱਜ ਦੇ ਸਮੇਂ ਵਿਚ ਡਿਜੀਟਲ ਮੀਡੀਆ ਪ੍ਰਚਾਰ ਦਾ ਵੱਡਾ ਮਾਧਿਅਮ ਹੈ ਅਤੇ ਇਸ ਰਾਹੀਂ ਪ੍ਰਚਾਰ ਦੇ ਉਨ੍ਹਾਂ ਨੂੰ ਸਾਰਥਕ ਨਤੀਜੇ ਮਿਲੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਕਿਸੇ ਵਿਅਕਤੀ ਵੱਲੋਂ ਨਿਭਾਉਣ ’ਤੇ ਰੋਕ ਲਾਈ ਹੋਈ ਹੈ। ਉਨ੍ਹਾਂ ਵੱਲੋਂ ਕੋਈ ਵੀ ਧਾਰਮਿਕ ਫਿਲਮ ਤਿਆਰ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਗੁਰੂ ਸਾਹਿਬ ਨੂੰ ਸਿਰਫ ਗੁਰਬਾਨੀ ਦੇ ਰੂਪ ਵਿਚ ਹੀ ਦਰਸਾਇਆ ਜਾਵੇਗਾ।