ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਤੇ ਸਾਕੇ ਦੇ 37 ਸਾਲ ਪੂਰੇ ਹੋਣ ’ਤੇ ਚਾਰ ਜ਼ਿਲ੍ਹਿਆਂ ਵਿੱਚ ਘੱਲੂਘਾਰਾ ਯਾਦਗਾਰੀ ਸਮਾਗਮ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 3 ਜੂਨ ਨੂੰ ਮੋਗਾ ਤੇ ਲੁਧਿਆਣਾ, 4 ਜੂਨ ਨੂੰ ਬਠਿੰਡਾ ਅਤੇ 5 ਜੂਨ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਕੀਤੇ ਜਾਣਗੇ। ਜਥੇਬੰਦੀ ਨੇ ਇਸ ਵਾਰ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸੀਮਤ ਗਿਣਤੀ ਵਿੱਚ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਕੰਵਰਪਾਲ ਸਿੰਘ, ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਮੂਹ ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਸਮਾਗਮ ਕਰਨ।